ਕਰਾਚੀ (ਪੀਟੀਆਈ), 27 ਜੂਨ 2024 : ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਵਿੱਚ ਅੱਤ ਦੀ ਗਰਮੀ ਕਾਰਨ ਪਿਛਲੇ ਚਾਰ ਦਿਨਾਂ ਵਿੱਚ 450 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਕ ਪ੍ਰਮੁੱਖ ਐਨਜੀਓ ਈਧੀ ਫਾਊਂਡੇਸ਼ਨ ਨੇ ਬੁੱਧਵਾਰ ਨੂੰ ਇਹ ਦਾਅਵਾ ਕੀਤਾ। ਪਾਕਿਸਤਾਨ ਦਾ ਬੰਦਰਗਾਹ ਸ਼ਹਿਰ ਕਰਾਚੀ ਸ਼ਨੀਵਾਰ ਤੋਂ ਹੀ ਗਰਮੀ ਦੀ ਲਪੇਟ 'ਚ ਹੈ। ਬੁੱਧਵਾਰ ਨੂੰ ਪਾਰਾ ਲਗਾਤਾਰ ਤੀਜੇ ਦਿਨ 40 ਡਿਗਰੀ ਨੂੰ ਪਾਰ ਕਰ ਗਿਆ, ਜੋ ਕਿ ਤੱਟਵਰਤੀ ਖੇਤਰਾਂ ਲਈ ਬਹੁਤ ਜ਼ਿਆਦਾ ਤਾਪਮਾਨ ਹੈ। ਫਾਊਂਡੇਸ਼ਨ ਦੇ ਮੁਖੀ ਫੈਜ਼ਲ ਈਧੀ ਨੇ ਕਿਹਾ ਕਿ ਸਾਡੇ ਕੋਲ ਕਰਾਚੀ ਵਿੱਚ ਚਾਰ ਮੁਰਦਾਘਰ ਹਨ। ਲਾਸ਼ਾਂ ਰੱਖਣ ਲਈ ਕੋਈ ਥਾਂ ਨਹੀਂ ਬਚੀ। ਜ਼ਿਆਦਾਤਰ ਲਾਸ਼ਾਂ ਸੜਕਾਂ 'ਤੇ ਬੇਘਰ ਲੋਕਾਂ ਅਤੇ ਨਸ਼ੇੜੀਆਂ ਦੀਆਂ ਹਨ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ 128 ਅਤੇ ਮੰਗਲਵਾਰ ਨੂੰ 135 ਲਾਸ਼ਾਂ ਮੁਰਦਾਘਰ ਵਿੱਚ ਲਿਆਂਦੀਆਂ ਗਈਆਂ। ਜ਼ਿਆਦਾਤਰ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ ਕਿਉਂਕਿ ਕੋਈ ਵੀ ਪਰਿਵਾਰਕ ਮੈਂਬਰ ਉਨ੍ਹਾਂ 'ਤੇ ਦਾਅਵਾ ਕਰਨ ਲਈ ਅੱਗੇ ਨਹੀਂ ਆਇਆ ਹੈ। ਲਗਾਤਾਰ ਮੌਤਾਂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ, ਸਿੰਧ ਸਰਕਾਰ ਨੇ ਕਰਾਚੀ ਵਿੱਚ 77 ਹੀਟ ਵੇਵ ਰਾਹਤ ਕੇਂਦਰ ਸਥਾਪਤ ਕੀਤੇ ਹਨ। ਪਾਕਿਸਤਾਨ ਦੇ ਮੌਸਮ ਵਿਭਾਗ ਨੇ ਇਹ ਕਦਮ ਦੇਸ਼ ਦੇ ਦੱਖਣੀ ਖੇਤਰਾਂ ਵਿੱਚ ਅਤਿਅੰਤ ਤਾਪਮਾਨ ਨੂੰ ਲੈ ਕੇ ਗੰਭੀਰ ਚਿਤਾਵਨੀ ਦੇ ਦੌਰਾਨ ਚੁੱਕਿਆ ਹੈ। ਕਰਾਚੀ ਦੇ ਹਸਪਤਾਲਾਂ ਵਿਚ ਹਰ ਰੋਜ਼ ਵੱਡੀ ਗਿਣਤੀ ਵਿਚ ਮਰੀਜ਼ ਆ ਰਹੇ ਹਨ, ਜਿਸ ਨਾਲ ਸ਼ਹਿਰ ਦੇ ਮੈਡੀਕਲ ਸਰੋਤਾਂ 'ਤੇ ਦਬਾਅ ਵਧ ਰਿਹਾ ਹੈ।