ਬੇਲਗ੍ਰੇਡ, 3 ਮਈ : ਸਰਬੀਆ ਦੇ ਬੇਲਗ੍ਰੇਡ ਵਿੱਚ ਇੱਕ 14 ਸਾਲਾ ਵਿਦਿਆਰਥੀ ਨੇ ਬੁੱਧਵਾਰ ਨੂੰ ਸਕੂਲ ਦੲ ਇੱਕ ਕਲਾਸ ਰੂਮ ਵਿੱਚ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ, ਜਿਸ ਵਿੱਚ ਅੱਠ ਬੱਚਿਆਂ ਸਮੇਤ 09 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕ ਗਾਰਡ ਵੀ ਸ਼ਾਮਲ ਹੈ। ਗੋਲ਼ੀਬਾਰੀ ਵਿੱਚ ਇੱਕ ਅਧਿਆਪਕ ਅਤੇ ਛੇ ਬੱਚੇ ਜ਼ਖ਼ਮੀ ਹੋ ਗਏ। ਗੋਲ਼ੀਬਾਰੀ ਵਲਾਦਿਸਲਾਵ ਰਿਬਨੀਕਰ ਐਲੀਮੈਂਟਰੀ ਸਕੂਲ ਵਿੱਚ ਹੋਈ। ਮੁਲਜ਼ਮ ਸੱਤਵੀਂ ਜਮਾਤ ਦਾ ਵਿਦਿਆਰਥੀ ਹੈ। ਪੁਲਿਸ ਨੇ ਦੱਸਿਆ ਕਿ ਸਵੇਰੇ 8.40 ਵਜੇ ਸਕੂਲ 'ਚ ਗੋਲ਼ੀਬਾਰੀ ਦੀ ਕਾਲ ਆਈ ਸੀ। ਨਾਬਾਲਗ ਨੂੰ ਸਕੂਲ ਕੈਂਪਸ ਤੋਂ ਹੀ ਕਾਬੂ ਕੀਤਾ ਗਿਆ ਸੀ। ਜ਼ਖਮੀ ਅਧਿਆਪਕਾਂ ਅਤੇ ਬੱਚਿਆਂ ਦਾ ਇਲਾਜ ਚੱਲ ਰਿਹਾ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਸ ਦਾ ਨਾਂ ਕੇ ਕੇ ਹੈ। ਉਸ ਨੇ ਆਪਣੇ ਪਿਤਾ ਦੀ ਬੰਦੂਕ ਨਾਲ ਇਹ ਅਪਰਾਧ ਕੀਤਾ ਸੀ। ਮਿਲਾਨ ਮਿਲੋਸੇਵਿਕ, ਇੱਕ ਮਾਤਾ-ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਵੀ ਉਸੇ ਕਲਾਸ ਵਿੱਚ ਮੌਜੂਦ ਸੀ। ਉਹ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਭੱਜਣ ਵਿੱਚ ਕਾਮਯਾਬ ਹੋ ਗਈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਨੇ ਅਧਿਆਪਕ ਨੂੰ ਪਹਿਲਾਂ ਗੋਲ਼ੀ ਮਾਰੀ ਸੀ। ਇਸ ਤੋਂ ਬਾਅਦ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਲੜਕੀਆਂ ਨੇ ਦੱਸਿਆ ਕਿ ਗੋਲ਼ੀ ਚਲਾਉਣ ਵਾਲਾ ਲੜਕਾ ਬਹੁਤ ਸ਼ਾਂਤ ਅਤੇ ਪੜ੍ਹਨ ਵਿੱਚ ਬਹੁਤ ਵਧੀਆ ਸੀ। ਉਸ ਨੇ ਹਾਲ ਹੀ ਵਿਚ ਦਾਖਲਾ ਲਿਆ ਸੀ। ਨੇੜਲੇ ਹਾਈ ਸਕੂਲ ਵਿੱਚ ਪੜ੍ਹਦੀ ਇੱਕ ਕੁੜੀ ਨੇ ਦੱਸਿਆ ਕਿ ਬੱਚੇ ਸਕੂਲੋਂ ਭੱਜ ਰਹੇ ਸਨ। ਉਹ ਰੌਲਾ ਪਾ ਰਹੇ ਸਨ। ਇਸ ਮੌਕੇ ਵੱਡੀ ਗਿਣਤੀ ਵਿਚ ਰਿਸ਼ਤੇਦਾਰ ਵੀ ਮੌਜੂਦ ਸਨ। ਉਹ ਘਬਰਾਏ ਹੋਏ ਸਨ।