ਟੋਰਾਂਟੋ, 28 ਅਪ੍ਰੈਲ : ਕੈਨੇਡਾ ਵਿੱਚ ਜਿੱਥੇ ਪੰਜਾਬੀਆਂ ਨੇ ਆਪਣੀ ਸਖ਼ਤ ਮਿਹਨਤ ਨਾਲ ਪੂਰੀ ਦੁਨੀਆਂ ਵਿੱਚ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ, ਉੱਥੇ ਕੁੱਝ ਲੋਕ ਅਜਿਹੇ ਵੀ ਹਨ, ਜਿੰਨ੍ਹਾਂ ਪੰਜਾਬੀਆਂ ਨੁੰ ਕਲੰਕਿਤ ਕਰਨ ਵਿੱਚ ਕੋਈ ਕਸ਼ਰ ਨਹੀਂ ਛੱਡੀ, ਇਸ ਤਰ੍ਹਾਂ ਦੀ ਹੀ ਇੱਕ ਘਟਨਾਂ ਸਾਹਮਣੇ ਆਈ ਹੈ, ਜਿਸ ਵਿੱਚ ਕੈਨੇਡਾ ‘ਚ ਕਾਰਾਂ ਚੋਰੀ ਕਰਨ ਦੇ ਦੋਸ਼ਾਂ ਤਹਿਤ 47 ਪੰਜਾਬੀਆਂ ਸਮੇਤ 119 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਟੋਰਾਂਟੋ ਪੁਲਿਸ ਨੇ ਸ਼ਹਿਰ ਦੇ ਪੱਛਮ ਵਿੱਚ ਆਟੋ ਚੋਰੀ ਦੀ ਚੱਲ ਰਹੀ ਜਾਂਚ ਦੇ ਸਬੰਧ ਵਿੱਚ 500 ਤੋਂ ਵੱਧ ਵਾਹਨ ਬਰਾਮਦ ਕੀਤੇ ਹਨ ਅਤੇ 119 ਲੋਕਾਂ 'ਤੇ ਦੋਸ਼ ਲਗਾਏ ਗਏ ਹਨ। ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਟੋਰਾਂਟੋ ਦੇ ਪੁਲਸ ਮੁਖੀ ਮਾਈਰਨ ਡੇਮਕੀਵ ਨੇ ਕਿਹਾ ਕਿ ਫੋਰਸ ਨੇ ਸ਼ਹਿਰ ਵਿੱਚ ਵਾਹਨ ਚੋਰੀ ਦੇ ਵੱਧ ਰਹੇ ਮੁੱਦੇ ਨੂੰ ਹੱਲ ਕਰਨ ਲਈ ਨਵੰਬਰ 2022 ਵਿੱਚ ਪ੍ਰੋਜੈਕਟ ਸਟੈਲੀਅਨ ਦੀ ਸ਼ੁਰੂਆਤ ਕੀਤੀ ਸੀ। ਪ੍ਰੋਜੈਕਟ ਸ਼ੁਰੂ ਹੋਣ ਤੋਂ ਬਾਅਦ 119 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ 'ਤੇ 314 ਅਪਰਾਧਿਕ ਦੋਸ਼ ਲਗਾਏ ਗਏ ਹਨ। ਉਥੇ ਹੀ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਵੀ ਸ਼ਾਮਲ ਹਨ।