ਚੀਨ ‘ਚ ਭੂਚਾਲ ਕਾਰਨ 116 ਲੋਕਾਂ ਦੀ ਮੌਤ, 200 ਤੋਂ ਵੱਧ ਜ਼ਖ਼ਮੀ

ਬੀਜਿੰਗ, 19 ਦਸੰਬਰ : ਸੋਮਵਾਰ ਰਾਤ ਨੂੰ ਚੀਨ ਦੇ ਉੱਤਰ-ਪੱਛਮ ਵਿਚ ਗਾਂਸੂ ਅਤੇ ਕਿੰਗਹਾਈ ਸੂਬਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਚਾਈਨਾ ਭੂਚਾਲ ਨੈੱਟਵਰਕ ਕੇਂਦਰ (CENC) ਮੁਤਾਬਕ ਭੂਚਾਲ ਦੀ ਤੀਬਰਤਾ 6.2 ਸੀ। ਰਿਪੋਰਟਾਂ ਮੁਤਾਬਕ ਭੂਚਾਲ ਦੇ ਝਟਕੇ ਪਾਕਿਸਤਾਨ ਤੱਕ ਮਹਿਸੂਸ ਕੀਤੇ ਗਏ। ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਮੁਤਾਬਕ ਦੋਵਾਂ ਸੂਬਿਆਂ ‘ਚ ਕਰੀਬ 116 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 200 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਗਾਂਸੂ ‘ਚ 105 ਅਤੇ ਗੁਆਂਢੀ ਸੂਬੇ ਚਿੰਗਹਾਈ ‘ਚ 11 ਲੋਕਾਂ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਭੂਚਾਲ ਦਾ ਕੇਂਦਰ ਗਾਂਸੂ ਦੀ ਜਿਸ਼ੀਸ਼ਾਨ ਕਾਉਂਟੀ ਵਿੱਚ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ, ਕਿੰਗਹਾਈ ਦੀ ਸਰਹੱਦ ਤੋਂ ਲਗਭਗ 5 ਕਿਲੋਮੀਟਰ ਦੂਰ ਸੀ।ਮਿਲੀ ਜਾਣਕਾਰੀ ਅਨੁਸਾਰ ਚੀਨ ਵਿੱਚ ਭੂਚਾਲ ਕਾਰਨ ਪਾਣੀ ਅਤੇ ਬਿਜਲੀ ਦੀਆਂ ਲਾਈਨਾਂ ਨੂੰ ਵੱਡਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਆਵਾਜਾਈ ਅਤੇ ਸੰਚਾਰ ਵੀ ਟੁੱਟ ਗਿਆ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬਚਾਅ ਦਲਾਂ ਨੂੰ ਭੂਚਾਲ ਨਾਲ ਜ਼ਖਮੀ ਹੋਏ ਲੋਕਾਂ ਦੀ ਸੁਰੱਖਿਆ ਲਈ ਸਾਰੇ ਜ਼ਰੂਰੀ ਯਤਨ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਭੂਚਾਲ ਪ੍ਰਭਾਵਿਤ ਲੋਕਾਂ ਲਈ ਢੁੱਕਵੇਂ ਪ੍ਰਬੰਧ ਕਰਨ ਦੇ ਵੀ ਆਦੇਸ਼ ਦਿੱਤੇ ਹਨ। ਭੂਚਾਲ ਤੋਂ ਬਾਅਦ, ਕੁੱਲ 1,440 ਫਾਇਰਫਾਈਟਰਜ਼ ਨੂੰ ਬਚਾਅ ਕਾਰਜਾਂ ਲਈ ਪ੍ਰਭਾਵਿਤ ਖੇਤਰਾਂ ਵਿੱਚ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗਾਂਸੂ ਅਤੇ ਆਸਪਾਸ ਦੇ ਸੂਬਿਆਂ ਤੋਂ 1,603 ਫਾਇਰਫਾਈਟਰਜ਼ ਨੂੰ ਸਟੈਂਡਬਾਏ ‘ਤੇ ਰੱਖਿਆ ਗਿਆ ਹੈ।

ਰਾਹਤ ਕਾਰਜ ਜਾਰੀ
ਚਾਈਨਾ ਸੈਂਟਰਲ ਟੈਲੀਵਿਜ਼ਨ ਦੇ ਅਨੁਸਾਰ, ਕਿੰਗਹਾਈ ਸੂਬੇ ਦੇ ਹੈਡੋਂਗ ਸ਼ਹਿਰ ਵਿੱਚ ਵੀ 11 ਲੋਕ ਮਾਰੇ ਗਏ ਅਤੇ 100 ਤੋਂ ਵੱਧ ਜ਼ਖਮੀ ਹੋ ਗਏ। ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਨੇ ਕਿਹਾ ਕਿ ਭੂਚਾਲ ਕਾਰਨ ਢਹਿ-ਢੇਰੀ ਹੋਏ ਮਕਾਨਾਂ ਸਮੇਤ ਭਾਰੀ ਨੁਕਸਾਨ ਹੋਇਆ ਹੈ ਅਤੇ ਲੋਕਾਂ ਨੂੰ ਸੁਰੱਖਿਆ ਲਈ ਸੜਕਾਂ 'ਤੇ ਭੱਜਣਾ ਪਿਆ ਹੈ। ਭੂਚਾਲ ਤੋਂ ਬਾਅਦ ਮੰਗਲਵਾਰ ਤੜਕੇ ਤੋਂ ਬਚਾਅ ਕਾਰਜ ਜਾਰੀ ਹੈ।ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਜਾਨਾਂ ਬਚਾਉਣ ਅਤੇ ਭੂਚਾਲ ਤੋਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।