ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਯੂਟਿਊਬ ਚੈਨਲ ਬਣਿਆ ਭਾਰਤ ਦਾ ਸਭ ਤੋਂ ਵੱਧ ਸਬਸਕ੍ਰਾਈਬਰਸ ਵਾਲਾ ਚੈਨਲ

ਚੰਡੀਗੜ੍ਹ, 28 ਜਨਵਰੀ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਕਈ ਰਿਕਾਰਡ ਬਣਾਏ ਹਨ ਅਤੇ ਹੁਣ ਸਿੱਧੂ ਦੇ ਯੂਟਿਊਬ ਚੈਨਲ ਨੇ ਵੀ ਅੱਜ ਵੱਡਾ ਰਿਕਾਰਡ ਬਣਾਇਆ ਹੈ। ਸਿੱਧੂ ਮੂਸੇਵਾਲਾ ਦਾ ਯੂਟਿਊਬ ਚੈਨਲ ਭਾਰਤ ਦਾ ਸਭ ਤੋਂ ਵੱਧ ਸਬਸਕ੍ਰਾਈਬਸ ਵਾਲਾ ਆਜ਼ਾਦ ਕਲਾਕਾਰ ਦਾ ਚੈਨਲ ਬਣ ਗਿਆ ਹੈ। ਸਿੱਧੂ ਮੂਸੇ ਵਾਲਾ ਨੇ ਇਸ ਮਾਮਲੇ ’ਚ ਮਸ਼ਹੂਰ ਰੈਪਰ ਐਮੀਵੇਅ ਬੰਟਾਈ ਨੂੰ ਵੀ ਪਛਾੜ ਦਿੱਤਾ ਹੈ। ਇਹ ਖ਼ਬਰ ਲਿਖੇ ਜਾਣ ਤੱਕ ਯੂਟਿਊਬ ’ਤੇ ਸਿੱਧੂ ਮੂਸੇ ਵਾਲਾ ਦੇ 1 ਕਰੋੜ 88 ਲੱਖ 31 ਹਜ਼ਾਰ ਸਬਸਕ੍ਰਾਈਬਰਸ ਸਨ, ਉਥੇ ਐਮੀਵੇਅ ਬੰਟਾਈ ਦੇ 1 ਕਰੋੜ 88 ਲੱਖ 24 ਹਜ਼ਾਰ ਸਬਸਕ੍ਰਾਈਬਰਸ ਹਨ। ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਦੇ ਯੂਟਿਊਬ ਚੈਨਲ ਦੇ ਕੁਲ ਵਿਊਜ਼ 5 ਅਰਬ ਤੋਂ ਵੀ ਵੱਧ ਹਨ। ਉਥੇ ਹੀ ਐਮੀਵੇਅ ਬੰਟਾਈ ਦੇ ਵਿਊਜ਼ 3 ਅਰਬ ਤੋਂ ਵੱਧ ਹਨ।ਇਸ ਦੇ ਨਾਲ ਹੀ ਜੇਕਰ ਵੀਡੀਓਜ਼ ਦੀ ਗੱਲ ਕਰੀਏ ‘ਤਾਂ ਸਿੱਧੂ ਮੂਸੇ ਵਾਲਾ ਦੇ ਚੈਨਲ ’ਤੇ ਹੁਣ ਤਕ 112 ਵੀਡੀਓਜ਼ ਅਪਲੋਡ ਹੋਈਆਂ ਹਨ, ਜਦਕਿ ਐਮੀਵੇਅ ਬੰਟਾਈ ਦੇ ਚੈਨਲ ’ਤੇ 216 ਵੀਡੀਓਜ਼ ਅਪਲੋਡ ਹੋ ਚੁੱਕੀਆਂ ਹਨ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਮਰਹੂਮ ਗਾਇਕ ਸਿੱਧੂ ਨੇ ਰੈਪਰ ਐਮੀਵੇਅ ਨੂੰ ਵੀ ਪਿੱਛੇ ਛੱਡ ਦਿੱਤਾ ਹੈ।