ਇਤਿਹਾਸ ਵਿੱਚ ਦੁਨੀਆ ਦੀ ਅਬਾਦੀ ਦੇ ਵੱਡੇ ਹਿੱਸੇ ਨੇ ਬਹੁਤ ਲੰਮੇ ਸਮੇਂ ਤੱਕ ਭੁੱਖਮਰੀ ਨੂੰ ਹੰਢਾਇਆ ਹੈ। ਇਹ ਹਾਲਾਤ ਜ਼ਿਆਦਾਤਰ ਮਹਾਂਮਾਰੀ ਅਤੇ ਜੰਗਾਂ ਸਮੇਂ ਬਣਦੇ ਰਹੇ ਹਨ। ਪਰ ਦੂਸਰੇ ਵਿਸ਼ਵ-ਯੁੱਧ ਦੇ ਕੁਝ ਦਹਾਕਿਆਂ ਬਾਦ ਦੁਨੀਆਂ ਵਿੱਚ ਹੋਏ ਤਕਨੀਕੀ ਵਿਕਾਸ ਅਤੇ ਵਿਸ਼ਵ ਪੱਧਰੀ ਰਾਜਨੀਤਕ ਬਦਲਾਅ ਕਾਰਨ ਭੁੱਖਮਰੀ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਬਹੁਤ ਥੱਲੇ ਆ ਗਈ ਸੀ। ਵਿਸ਼ਵ ਫੂਡ ਪ੍ਰੋਗਰਾਮ ਦੇ ਅੰਕੜੇ ਦੱਸਦੇ ਹਨ ਕਿ ਦੁਨੀਆਂ ਵਿੱਚ ਤਕਰੀਬਨ 795 ਮਿਲੀਅਨ ਲੋਕਾਂ ਕੋਲ ਆਪਣਾ ਢਿੱਡ ਭਰਨ ਲਈ ਵੀ ਭੋਜਨ ਨਹੀਂ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡਿਜ਼ੀਟਲ ਭਾਰਤ ਦੀ ਉਸ ਸਮੇਂ ਫੂਕ ਨਿਕਲ ਗਈ ਜਦੋਂ ਲੰਘੇ ਸਾਲ ਦੇ “ਗਲੋਬਲ ਹੰਗਰ ਇੰਡੈਕਸ” ਦੇ ਅੰਕੜੇ ਸਾਹਮਣੇ ਆਏ। ਅੰਤਰਰਾਸ਼ਟਰੀ ਪੱਧਰ ’ਤੇ ਜਾਰੀ ਹੋਏ ਤਾਜ਼ਾ ਅੰਕੜਿਆਂ ਨੇ ਵਿਸ਼ਵ ਗੁਰੂ ਬਣਨ ਜਾ ਰਹੇ ਭਾਰਤ ਦੀ ਪੋਲ ਖੋਲ੍ਹਕੇ ਰੱਖ ਦਿੱਤੀ ਹੈ। ਇਸ ਸਬੰਧੀ 12 ਅਕਤੂਬਰ ਨੂੰ ਜਾਰੀ ਹੋਈ ਰਿਪੋਰਟ ਨੇ ਭਾਰਤ ਵਿੱਚ ਭੁੱਖਮਰੀ ਦੀ ਸਥਿਤੀ ਦੇ ਬਹੁਤ ਹੀ ਗੰਭੀਰ ਅੰਕੜੇ ਦੁਨੀਆਂ ਸਾਹਮਣੇ ਰੱਖੇ ਹਨ।
ਗਲੋਬਲ ਹੰਗਰ ਇੰਡੈਕਸ ਵਿੱਚ ਕੁੱਲ 125 ਮੁਲਕਾਂ ਦੀ ਸੂਚੀ ਵਿੱਚ ਭਾਰਤ ਨੂੰ 111ਵੇਂ ਸਥਾਨ ’ਤੇ ਦਿਖਾਇਆ ਗਿਆ ਹੈ, ਜਦਕਿ ਭਾਰਤ ਪਿਛਲੇ ਸਾਲ 107ਵੇਂ ਸਥਾਨ ’ਤੇ ਸੀ। ਜਿਕਰਯੋਗ ਹੈ ਕਿ ਸੂਚਕਾਂਕ ਵਿੱਚ ਭਾਰਤ ਦਾ ਸਕੋਰ 28.7 ਹੈ, ਜੋ ਭਾਰਤ ਦੀ ਭੁੱਖਮਰੀ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਭਾਰਤ ਲਈ ਸ਼ਰਮਨਾਕ ਗੱਲ ਇਹ ਹੈ ਕਿ ਇਸਦੇ ਗੁਆਂਢੀ ਮੁਲਕ ਪਾਕਿਸਤਾਨ 102ਵੇਂ, ਬੰਗਲਾਦੇਸ਼ 81ਵੇਂ, ਨੇਪਾਲ 69ਵੇਂ ਅਤੇ ਸ਼੍ਰੀ ਲੰਕਾ 60ਵੇਂ ਨੰਬਰ ’ਤੇ ਰਹਿਕੇ ਭਾਰਤ ਨੂੰ ਪਛਾੜਦੇ ਹੋਏ ਅੱਗੇ ਲੰਘ ਗਏ ਹਨ।
ਪਰ ਮੋਦੀ ਸਰਕਾਰ ਨੇ ਇਸ ਰਿਪੋਰਟ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਗਲੋਬਲ ਹੰਗਰ ਇੰਡੈਕਸ ’ਤੇ ਬਿਆਨ ਦਿੰਦਿਆਂ ਕਿਹਾ ਕਿ ਇਹ ਸਭ ਬਕਵਾਸ ਹੈ। ਦੂਸਰੇ ਪਾਸੇ ਵਿਰੋਧੀ ਧਿਰ ਨੇ ਇਸਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਸ਼੍ਰੀਮਤੀ ਈਰਾਨੀ ਦੇ ਬਿਆਨ ’ਤੇ ਕਾਂਗਰਸ ਪਾਰਟੀ ਦੇ ਮਹਿਲਾ ਬੁਲਾਰੇ ਸੁਪ੍ਰਿਆ ਸ਼੍ਰੀਨੇਤ ਨੇ ਕਿਹਾ ਕਿ ਦੇਸ਼ ਦੀ ਮਹਿਲਾ ਅਤੇ ਵਿਕਾਸ ਮੰਤਰੀ ਵੱਲੋਂ ਭਾਰਤ ਦੀ ਭੁੱਖਮਰੀ ਦੇ ਸੰਵੇਦਨਸ਼ੀਲ ਮੁੱਦੇ ਨੂੰ ਬਹੁਤ ਹਲਕੇ ਢੰਗ ਨਾਲ ਲੈਣਾ ਬੜੀ ਚਿੰਤਾ ਵਾਲੀ ਗੱਲ ਹੈ।
ਭਾਰਤ ਦੇ ਹੁਕਮਰਾਨ ਨੇੜਲੇ ਭਵਿੱਖ ਵਿੱਚ ਮੁਲਕ ਨੂੰ ਕੌਮਾਂਤਰੀ ਮਹਾਂ-ਸ਼ਕਤੀ ਵਜੋਂ ਪ੍ਰਚਾਰ ਰਹੇ ਹਨ, ਜਦਕਿ ਸਚਾਈ ਇਹ ਹੈ ਕਿ ਭਾਰਤ ਨੂੰ ਸਮਾਜਿਕ ਅਤੇ ਆਰਥਿਕ ਅਸਮਾਨਤਾਵਾਂ, ਬੇਰੋਜ਼ਗਾਰੀ, ਭੁੱਖਮਰੀ ਅਤੇ ਅਤਿ ਘੋਰ ਗਰੀਬੀ ਜਿਹੀਆਂ ਅਲਾਮਤਾਂ ਨੇ ਅੰਦਰ ਤੋਂ ਘੁਣ ਵਾਂਗ ਖੋਖਲ਼ਾ ਕੀਤਾ ਹੋਇਆ ਹੈ।
ਸ਼ਰਮਾਏਦਾਰ ਪੱਖੀ ਆਰਥਿਕ ਨੀਤੀਆਂ ਕਾਰਨ ਮੁਲਕ ਦੇ 88 ਫੀਸਦ ਮੱਧ ਵਰਗੀ ਅਤੇ ਛੋਟੇ ਕਿਸਾਨ ਕਰਜ਼ੇ ਦੇ ਪਹਾੜ ਅਤੇ ਗੁਰਬਤ ਦਾ ਸੰਤਾਪ ਹੰਢਾਅ ਰਹੇ ਹਨ।
ਭਾਵੇਂ ਭਾਰਤ ਸਰਕਾਰ ਗਰੀਬ ਲੋਕਾਂ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਰਿਆਇਤੀ ਦਰਾਂ ਉੱਤੇ ਅੰਨ ਪ੍ਰਦਾਨ ਕਰ ਰਹੀ ਹੈ। ਪਰ ਇਸਦੇ ਬਾਵਜੂਦ ਵੀ ਦੇਸ਼ ਵਿੱਚ ਭੁੱਖਮਰੀ ਦਾ ਸਾਹਮਣਾ ਕਰਨ ਵਾਲੇ ਲੋਕਾਂ ਦੀ ਸੰਖਿਆ ਦਿਨੋ-ਦਿਨ ਵੱਧ ਰਹੀ ਹੈ । ਸੰਸਾਰ ਵਿੱਚ ਭੁੱਖਮਰੀ ਨਾਲ ਜੂਝ ਰਹੇ ਲੋਕਾਂ ਵਿੱਚੋਂ ਤਕਰੀਬਨ 37 ਫੀਸਦ ਭਾਰਤ ਦੇ ਲੋਕ ਹੀ ਹਨ। ਇਸ ਸਮੱਸਿਆ ਨਾਲ ਨਿਪਟਣ ਲਈ ਭਾਰਤ ਨੂੰ ਗੰਭੀਰ ਹੋਣ ਦੀ ਜ਼ਰੂਰਤ ਹੈ। ਭੁੱਖਮਰੀ ਦੇ ਖ਼ਾਤਮੇ ‘ਚ ਤੇਜ਼ੀ ਲਿਆਉਣ ਲਈ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਨਤਕ ਵੰਡ ਪ੍ਰਣਾਲੀ ਵਿੱਚ ਪਾਰਦਰਸ਼ਤਾ ਲਿਆਕੇ ਇਸਦੀ ਮਜ਼ਬੂਤੀ ਵੱਲ ਧਿਆਨ ਦੇਵੇ। ਸਰਕਾਰ ਨੂੰ ਖੁਰਾਕ ਸੰਕਟ ਨਾਲ ਨਿਪਟਣ ਲਈ ਆਪਣੇ ਕਿਸਾਨਾਂ ਨੂੰ ਢੁਕਵੀਂ ਆਮਦਨ ਅਤੇ ਫ਼ਸਲਾਂ ’ਤੇ ਘੱਟੋ-ਘੱਟ ਸਹਾਇਕ ਮੁੱਲ ਦੇਣਾ ਚਾਹੀਦਾ ਹੈ।