ਵਿਸ਼ਵ ਕਲਿਆਣ ਹੈ ਸਨਾਤਨ ਸਭਿਆਚਾਰ ਦਾ ਉਦੇਸ਼ : ਬ੍ਰਮ ਸ਼ੰਕਰ ਜਿੰਪਾ

ਹੁਸ਼ਿਆਰਪੁਰ, 20 ਅਪ੍ਰੈਲ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸਨਾਤਨ ਸੰਸਕ੍ਰਿਤੀ ਦਾ ਉਦੇਸ਼ ਵਿਸ਼ਵ ਕਲਿਆਣ ਹੈ ਅਤੇ ਸਨਾਤਨ ਧਰਮ ਲਗਾਤਾਰ ਵਿਸ਼ਵ ਕਲਿਆਣ ਲਈ ਕੰਮ ਕਰ ਰਿਹਾ ਹੈ। ਉਹ ਅੱਜ ਭਗਵਾਨ ਪਰਸ਼ੂਰਾਮ ਸੈਨਾ ਵਲੋਂ ਆਯੋਜਿਤ ਗਾਇਤਰੀ ਮਹਾਯੱਗ ’ਚ ਪੂਜਾ ਅਰਚਨਾ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਕੌਂਸਲਰ ਪ੍ਰਦੀਪ ਬਿੱਟੂ ਅਤੇ ਭਗਵਾਨ ਪਰਸ਼ੂਰਾਮ ਸੈਨਾ ਦੇ ਪ੍ਰਧਾਨ ਪੰਡਤ ਆਸ਼ੂਤੋਸ਼ ਸ਼ਰਮਾ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਮਾਨਵ ਕਲਿਆਣ ਲਈ ਆਯੋਜਿਤ ਇਸ ਮਹਾਯੱਗ ਦੇ ਆਯੋਜਨ ਲਈ ਭਗਵਾਨ ਪਰਸ਼ੂਰਾਮ ਸੈਨਾ ਦੇ ਅਹੁਦੇਦਾਰ ਸ਼ਲਾਘਾ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਗਾਇਤਰੀ ਮੰਤਰ ਨੂੰ ਸਮਝਣ ਨਾਲ ਹੀ ਚਾਰੇ ਵੇਦਾਂ ਦੇ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਲਈ ਗਾਇਤਰੀ ਮੰਤਰ ਨੂੰ ਵੇਦਾਂ ਦਾ ਸਾਰ ਵੀ ਮੰਨਿਆਂ ਜਾਂਦਾ ਹੈ। ਉਨ੍ਹਾਂ ਹੁਸ਼ਿਆਰਪੁਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਿਸ਼ਵ ਕਲਿਆਣ ਲਈ ਉਹ ਇਸ ਗਾਇਤਰੀ ਮਹਾਯੱਗ ਵਿਚ ਅਹੂਤੀ ਜ਼ਰੂਰ ਦੇਣ। ਇਸ ਦੌਰਾਨ ਉਨ੍ਹਾਂ ਨੇ ਸਥਾਪਿਤ ਕੀਤੇ ਗਏ 16 ਸਤੰਭਾਂ ਅਤੇ ਚਾਰ ਦੁਆਰਾਂ ਦੀ ਪੂਜਾ ਕੀਤੀ ਅਤੇ ਭਗਵਾਨ ਪਰਸ਼ੂਰਾਮ ਕਥਾ ਨੂੰ ਸੁਣਿਆ। ਭਗਵਾਨ ਪਰਸ਼ੂਰਾਮ ਸੈਨਾ ਦੇ ਪ੍ਰਧਾਨ ਆਸ਼ੂਤੋਸ਼ ਸ਼ਰਮਾ ਨੇ ਦੱਸਿਆ ਕਿ ਮਹਾ ਗਾਇਤਰੀ ਯੱਗ 22 ਅਪ੍ਰੈਲ ਤੱਕ ਚੱਲੇਗਾ। ਉਨ੍ਹਾਂ ਦੱਸਿਆ ਕਿ 24 ਲੱਖ ਅਹੂਤੀਆਂ ਦਾ ਸੰਕਲਪਿਤ ਇਹ ਮਹਾਯੱਗ ਅੱਜ ਦਸਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਇਸ ਮੌਕੇ ਆਚਾਰੀਆ ਅਜੇ ਸ਼ਾਸਤਰੀ, ਉਪ ਆਚਾਰੀਆ ਸੁਸ਼ੀਲ ਸ਼ਾਸਤਰੀ, ਵਿਜੇ ਲਕਸ਼ਮੀ, ਧੀਰਜ ਸ਼ਰਮਾ, ਪੰਡਤ ਵਿਸ਼ਣੂ ਕਾਂਤ, ਰਾਮ ਭਰੋਸੇ, ਦੀਪਕ ਸ਼ਰਮਾ, ਉਤਮ ਸ਼ਾਸਤਰੀ, ਧਰਮਿੰਦਰ ਕੌਸ਼ਲ, ਹਰਿੰਦਰ, ਪੰਕਜ, ਰਾਮ ਅਵਤਾਰ, ਰਾਧੇ ਸ਼ਿਆਮ, ਸ਼ਰਵਣ, ਅੰਕਿਤ, ਅਰਜੁਨ ਪੰਡਤ ਵੀ ਮੌਜੂਦ ਸਨ।