ਜਲੰਧਰ : ਉੱਚਾਈ ਨੂੰ ਲੈ ਕੇ ਮਸ਼ਹੂਰ ਅਤੇ ਦੁਨੀਆ ਦੇ ਨਕਸ਼ੇ ’ਤੇ ਜਲੰਧਰ ਦਾ ਨਾਂ ਦਰਜ ਕਰਵਾਉਣ ਵਾਲਾ ਟੀ.ਵੀ. ਟਾਵਰ ਰਿਟਾਇਰ ਹੋ ਗਿਆ ਹੈ। ਇਹ ਹੁਣ ਦੂਰਦਰਸ਼ਨ ਦੇ ਪ੍ਰੋਗਰਾਮਾਂ ਨੂੰ ਪੇਸ਼ ਨਹੀਂ ਕਰੇਗਾ। ਦੱਸ ਦੇਈਏ ਕਿ ਇਸ ਟਾਵਰ ਦੀ ਪਛਾਣ ਹੀ ਟੀ.ਵੀ. ਦੇ ਨਾਮ ਨਾਲ ਪ੍ਰਸਿੱਧ ਹੋਈ ਸੀ ਪਰ 43 ਸਾਲ ਦੀ ਸੇਵਾ ਮਗਰੋਂ 31 ਅਕਤੂਬਰ ਤੋਂ ਪ੍ਰੋਗਰਾਮ ਪੇਸ਼ ਕਰਨ ਦੀਆਂ ਸੇਵਾਵਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਟਾਵਰ ਤੋਂ ਲਾਂਚਿੰਗ ਬੰਦ ਕਰਨ ਦੀ ਪੁਸ਼ਟੀ ਦੂਰਦਰਸ਼ਨ ਕੇਂਦਰ ਜਲੰਧਰ ਦੇ ਮੁਖੀ ਆਰ. ਕੇ. ਜਾਰੰਗਲ ਨੇ ਕੀਤੀ ਹੈ। ਇਹ ਟੀ.ਵੀ. ਟਾਵਰ ਲਗਭਗ 100 ਕਿਲੋਮੀਟਰ ਦੇ ਦਾਇਰੇ ’ਚ ਓਮਨੀ ਡਾਇਰੈਕਸ਼ਨ ’ਚ ਦੂਰਦਰਸ਼ਨ ਦੇ ਪ੍ਰੋਗਰਾਮਾਂ ਦੀ ਲਾਂਚਿੰਗ ਕਰਦਾ ਸੀ। ਇਸ ਟੀ. ਵੀ. ਟਾਵਰ ਦਾ ਨਿਰਮਾਣ 1975 ’ਚ ਕੀਤਾ ਗਿਆ ਸੀ ਅਤੇ 1979 ’ਚ ਪ੍ਰੋਗਰਾਮ ਲਾਂਚ ਕਰਨ ਲਈ ਬਣ ਕੇ ਤਿਆਰ ਹੋਇਆ ਸੀ।ਇਸ ਦੀ ਉੱਚਾਈ 800 ਫੁੱਟ (225 ਮੀਟਰ) ਦੇ ਲਗਭਗ ਹੈ। 100 ਕਿਲੋਮੀਟਰ ਦੇ ਦਾਇਰੇ ’ਚ ਟਾਵਰ ਤੋਂ ਸੇਵਾਵਾਂ ਦਾ ਪ੍ਰਸਾਰਣ ਹੁੰਦਾ ਸੀ। 43 ਸਾਲ ਦੀਆਂ ਸੇਵਾਵਾਂ ਦੇਣ ਮਗਰੋਂ ਪ੍ਰੋਗਰਾਮ ਲਾਂਚਿੰਗ ਕਰਨ ਦੀਆਂ ਸੇਵਾਵਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਟੀ. ਵੀ. ਟਾਵਰ ਦੇ ਲਾਂਚਿੰਗ ਦੀਆਂ ਸੇਵਾਵਾਂ ਨੂੰ ਖ਼ਤਮ ਕਰਨ ਦਾ ਕਾਰਨ ਸਿਰਫ਼ ਡਿਜੀਟਲ ਤਕਨੀਕ ਬਣੀ ਹੈ। ਹੁਣ ਡਿਸ਼ ਟੀ.ਵੀ. ਅਤੇ ਵੱਖ-ਵੱਖ ਐਪਸ ਦੇ ਜ਼ਰੀਏ ਦੂਰਦਰਸ਼ਨ ਦੇ ਪ੍ਰੋਗਰਾਮ ਲੋਕਾਂ ਤੱਕ ਪਹੁੰਚ ਰਹੇ ਹਨ। ਇਸੇ ਕਾਰਨ ਟੀ.ਵੀ. ਟਾਵਰ ਨਾਲ ਦੂਰਦਰਸ਼ਨ ਦੇ ਪ੍ਰੋਗਰਾਮ ਪੇਸ਼ ਕਰਨ ਦੀ ਕੋਈ ਜ਼ਰੂਰਤ ਹੀ ਬਾਕੀ ਨਹੀਂ ਬਚੀ ਹੈ।