ਜ਼ਿਲ੍ਹੇ ਵਿੱਚ ਪਤੰਗ/ਗੁੱਡੀਆਂ ਉਡਾਉਣ ਲਈ ਨਾਈਲੋਨ/ ਸਿੰਥੈਟਿਕ/ਪਲਾਸਟਿਕ ਦੀ ਡੋਰ ਨੂੰ ਬਣਾਉਣ, ਵੇਚਣ, ਸਟੋਰ ਕਰਨ, ਖਰੀਦਣ, ਸਪਲਾਈ ਕਰਨ ਅਤੇ ਇਸਦੀ ਵਰਤੋਂ ਕਰਨ ’ਤੇ ਮੁਕੰਮਲ ਤੌਰ ’ਤੇ ਪਾਬੰਦੀ ਲਗਾਈ

ਨਵਾਂਸ਼ਹਿਰ, 12 ਅਪ੍ਰੈਲ : ਜ਼ਿਲ੍ਹਾ ਮੈਜਿਸਟਰੇਟ ਨਵਜੋਤ ਪਾਲ ਸਿੰਘ ਰੰਧਾਵਾ ਨੇ ਫ਼ੌਜਦਾਰੀ ਜਾਬਤਾ 1973 (1974 ਦਾ ਐਕਟ-2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹਏ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰੀ ਦਿਹਾਤੀ ਖੇਤਰ ਵਿੱਚ ਪੈਂਦੇ ਥਾਣਿਆਂ ਦੇ ਇਲਾਕਿਆਂ ਅੰਦਰ ਪਤੰਗ/ਗੁੱਡੀਆਂ ਉਡਾਉਣ ਲਈ ਨਾਈਲੋਨ/ ਸਿੰਥੈਟਿਕ/ਪਲਾਸਟਿਕ ਦੀ ਬਣੀ ਡੋਰ (Chinese dor/manjha) ਨੂੰ ਬਣਾਉਣ, ਵੇਚਣ, ਸਟੋਰ ਕਰਨ, ਖਰੀਦਣ,ਸਪਲਾਈ ਕਰਨ, ਬਾਹਰੋਂ ਆਯਾਤ ਕਰਨ ਅਤੇ ਇਸ ਦੀ ਵਰਤੋਂ ਕਰਨ ’ਤੇ ਮੁਕੰਮਲ ਤੌਰ ’ਤੇ ਪਾਬੰਦੀ ਲਗਾ ਦਿੱਤੀ ਹੈ। ਸਮੂਹ ਕਾਰਜ ਸਾਧਕ ਅਫਸਰ, ਨਗਰ ਕੌਂਸਲਜ ਅਤੇ ਡੀ.ਡੀ.ਪੀ.ਓ. ਸ਼ਹੀਦ ਭਗਤ ਸਿੰਘ ਨਗਰ ਆਪਣੀ-ਆਪਣੀ ਹਦੂਦ ਅੰਦਰ ਇਹ ਹੁਕਮ ਲਾਗੂ ਕਰਨ ਲਈ ਆਪਣੇ-ਆਪਣੇ ਏਰੀਏ ਵਿਚ ਮੁਨਾਦੀ ਕਰਵਾਉਣਗੇ ਅਤੇ ਇਹਨਾਂ ਹੁਕਮਾਂ ਦੇ ਇੰਨ ਬਿੰਨ ਲਾਗੂ ਹੋਣ ਸਬੰਧੀ ਚੈਕਿੰਗ ਕਰਕੇ ਰਿਪੋਰਟ ਇਸ ਦਫਤਰ ਨੂੰ ਭੇਜਣ ਲਈ ਜਿੰਮੇਵਾਰ ਹੋਣਗੇ। ਸੀਨੀਅਰ ਪੁਲਿਸ ਕਪਤਾਨ, ਸ਼ਹੀਦ ਭਗਤ ਸਿੰਘ ਨਗਰ/ ਨਗਰ ਕੌਂਸਲਾਂ ਦੇ ਸਮੂਹ ਕਾਰਜ ਸਾਧਕ ਅਫ਼ਸਰ ਅਤੇ ਪੇਂਡੂ ਏਰੀਏ ਵਿਚ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਇਨ੍ਹਾਂ ਹੁਕਮਾਂ ਨੂੰ ਸਹੀ ਤਰੀਕੇ ਨਾਲ ਲਾਗੂ ਕਰਵਾਉਣ ਲਈ ਜਿੰਮੇਵਾਰ ਹੋਣਗੇ। ਜ਼ਿਲ੍ਹਾ ਮੈਜਿਸਟਰੇਟ ਸ਼ਹੀਦ ਭਗਤ ਸਿੰਘ ਨਗਰ ਨੇ ਇਹ ਪਾਬੰਦੀ ਲਗਾਉਣ ਮੌਕੇ ਕਿਹਾ ਕਿ ਸੰਥੈਟਿਕ/ਪਲਾਸਿਟਕ ਦੀ ਡੋਰ ਬਹੁਤ ਮਜ਼ਬੂਤ, ਨਾ ਗਲਣਯੋਗ ਅਤੇ ਨਾ ਹੀ ਟੁੱਟਣਯੋਗ ਹੈ। ਇਸ ਡੋਰ ਨਾਲ ਸਾਈਕਲ, ਸਕੂਟਰ ਅਤੇ ਮੋਟਰ ਸਾਈਕਲ, ਸਕੂਟਰ ਅਤੇ ਮੋਟਰ ਸਾਈਕਲ ਚਾਲਕਾਂ ਦੇ ਗਲੇ ਅਤੇ ਕੰਨ ਕੱਟੇ ਜਾਂਦੇ ਹਨ, ਉੱਡਦੇ ਪੰਛੀ ਫਸ ਜਾਣ ’ਤੇ ਉਨਾਂ ਦੇ ਮਰਨ ਬਾਰੇ ਵੀ ਕਾਫੀ ਘਟਨਾਵਾਂ ਵਾਪਰਦੀਆਂ ਹਨ। ਇਸ ਤਰ੍ਹਾਂ ਇਹ ਸੰਥੈਟਿਕ/ਪਲਾਸਿਟਕ ਡੋਰ ਜਦੋਂ ਪਤੰਗ ਉਡਾਉਣ ਲਈ ਵਰਤੀ ਜਾਂਦੀ ਹੈ ਤਾਂ ਇਹ ਮਨੁੱਖੀ ਜਾਨਾਂ, ਰਾਹਗੀਰਾਂ ਅਤੇ ਪੰਛੀਆਂ ਲਈ ਘਾਤਕ ਸਿੱਧ ਹੁੰਦੀ ਹੈ, ਇਸ ਲਈ ਇਸ ਡੋਰ ’ਤੇ ਪਾਬੰਦੀ ਲਗਾਉਣੀ ਜਰੂਰੀ ਹੈ। ਇਹ ਹੁਕਮ 9 ਅਕਤੂਬਰ 2024 ਤੱਕ ਲਾਗੂ ਰਹੇਗਾ।