ਨਸ਼ੇ ਦੇ ਕੋਹੜ ਨੂੰ ਖ਼ਤਮ ਕਰਨ ਲਈ ਵੱਡਾ ਯੋਗਦਾਨ ਪਾਉਣ ਅਧਿਆਪਕ : ਨਵਜੋਤ ਪਾਲ ਸਿੰਘ ਰੰਧਾਵਾ 

  • ਪਰਹਾਰੀ ਅਤੇ ਨਸ਼ਾ ਮੁਕਤ ਕਲੱਬਾਂ ਦੇ ਇੰਚਾਰਜਾਂ ਦਾ ਹੋਇਆ ਜ਼ਿਲ੍ਹਾ ਪੱਧਰੀ ਸੈਮੀਨਾਰ 

ਨਵਾਂਸ਼ਹਿਰ 11 ਸਤੰਬਰ 2024 : ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕਾਹਮਾ ਵਿਖੇ ਸਿੱਖਿਆ ਵਿਭਾਗ ਵੱਲੋਂ ਅੱਜ ਨਸ਼ਿਆਂ ਖ਼ਿਲਾਫ਼ ਜ਼ਿਲ੍ਹੇ ਦੇ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਪਰਹਾਰੀ ਅਤੇ ਨਸ਼ਾ ਮੁਕਤ ਕਲੱਬਾਂ ਦੇ ਇੰਚਾਰਜਾਂ ਦਾ ਜ਼ਿਲ੍ਹਾ ਪੱਧਰੀ ਸੈਮੀਨਾਰ ਕਰਵਾਇਆ ਗਿਆ। ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਸੈਮੀਨਾਰ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚੋਂ ਨਸ਼ੇ ਦੇ ਕੋਹੜ ਨੂੰ ਖ਼ਤਮ ਕਰਨ ਲਈ ਅਧਿਆਪਕਾਂ ਨੂੰ ਬਹੁਤ ਵੱਡਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਬੇਹੱਦ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਅਤੇ ਇਸ ਸਬੰਧੀ ਵੱਡੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਤਾਂ ਹੀ ਕਾਮਯਾਬ ਹੋ ਸਕਦੀ ਹੈ ਜੇਕਰ ਸਮਾਜ ਦਾ ਹਰ ਵਰਗ ਮਿਲ ਕੇ ਇਸ ਵਿਚ ਸਹਿਯੋਗ ਕਰੇ। ਉਨ੍ਹਾਂ ਕਿਹਾ ਕਿ ਅਧਿਆਪਕ ਅਤੇ ਵਿਦਿਆਰਥੀ ਨਸ਼ਿਆਂ ਖ਼ਿਲਾਫ਼ ਵਿੱਢੀ ਇਸ ਮੁਹਿੰਮ ਵਿਚ ਵੱਡੀ ਭੂਮਿਕਾ ਨਿਭਾਅ ਸਕਦੇ ਹਨ। ਇਸ ਮੌਕੇ ਉਨ੍ਹਾਂ 'ਇਨਕਲਾਬ ਵਾਰੀਅਰ' ਕਿਤਾਬਚਾ ਜਾਰੀ ਕੀਤਾ ਅਤੇ ਸਕੂਲ ਦੇ ਵਿਹੜੇ ਵਿਚ ਬੂਟਾ ਵੀ ਲਗਾਇਆ। ਇਸ ਸਮੇਂ ਉਨ੍ਹਾਂ ਨਾਲ ਗੁੱਡ ਗਵਰਨੈਂਸ ਫੈਲੋ ਅਸ਼ਮਤਾ ਪਰਮਾਰ, ਉਪ ਜ਼ਿਲ੍ਹਾ ਸਿੱਖਿਆ ਅਫਸਰ ਅਮਰਜੀਤ ਖੱਟਕੜ, ਜ਼ਿਲ੍ਹਾ ਨੋਡਲ ਅਫਸਰ ਬਲਦੀਸ਼ ਲਾਲ, ਪ੍ਰਿੰਸੀਪਲ ਹਿਤੇਸ਼ ਸਹਿਗਲ, ਸਟੇਟ ਅਵਾਰਡੀ ਅਧਿਆਪਕ ਅਜੇ ਕੁਮਾਰ ਤੇ ਹੋਰ ਮੌਜੂਦ ਸਨ।