70 ਫੀਸਦੀ ਤੋਂ ਵੱਧ ਵੋਟਾਂ ਪੁਆਉਣ ਦੇ ਉਦੇਸ਼ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਵੱਡੇ ਪੱਧਰ 'ਤੇ ਕਰਵਾਈਆਂ ਜਾ ਰਹੀਆਂ ਹਨ ਸਵੀਪ ਗਤੀਵਿਧੀਆਂ : ਕੋਮਲ ਮਿੱਤਲ

  • ਐਸ.ਡੀ ਕਾਲਜ ਹੁਸ਼ਿਆਰਪੁਰ ਵਿੱਚ ਸਵੀਪ ਮੇਲੇ ਦਾ ਹੋਇਆ ਆਯੋਜਨ
  • ਜ਼ਿਲ੍ਹਾ ਚੋਣ ਅਫ਼ਸਰ ਨੇ 18 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ

ਹੁਸ਼ਿਆਰਪੁਰ, 10 ਅਪ੍ਰੈਲ : ਜ਼ਿਲ੍ਹਾ ਚੌਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਹਲਕਿਆਂ ਵਿੱਚ ਲਗਾਤਾਰ ਸਵੀਪ ਗਤੀਵਿਧੀਆਂ ਤਹਿਤ ਵੋਟ ਸਬੰਧੀ ਜਾਗਰੂਕਤਾ ਫੈਲਾਈ ਜਾ ਰਹੀ ਹੈ।  ਇਸ ਦਾ ਉਦੇਸ਼ 70 ਫੀਸਦੀ ਤੋਂ ਵੱਧ ਵੋਟਿੰਗ ਦੇ ਟੀਚੇ ਨੂੰ ਪ੍ਰਾਪਤ ਕਰਨਾ ਅਤੇ ਵੋਟ ਪ੍ਰਤੀਸ਼ਤ ਨੂੰ ਵਧਾਉਣਾ ਹੈ।  ਉਹ ਅੱਜ ਐਸ.ਡੀ ਕਾਲਜ ਹੁਸ਼ਿਆਰਪੁਰ ਵਿਖੇ ਸਵੀਪ ਮੇਲੇ ਤਹਿਤ ਵੋਟਰ ਜਾਗਰੂਕਤਾ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ।  ਇਸ ਦੌਰਾਨ ਉਨ੍ਹਾਂ ਨਾਲ ਐਸ.ਡੀ.ਐਮ-ਕਮ-ਸਹਾਇਕ ਰਿਟਰਨਿੰਗ ਅਫ਼ਸਰ ਪ੍ਰੀਤਇੰਦਰ ਸਿੰਘ ਬੈਂਸ ਅਤੇ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੀਤ ਕੋਹਲੀ ਵੀ ਹਾਜ਼ਰ ਸਨ। ਇਸ ਦੌਰਾਨ ਕਾਲਜ ਵਿੱਚ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ, ਚੱਬੇਵਾਲ, ਹੁਸ਼ਿਆਰਪੁਰ ਅਤੇ ਸ਼ਾਮਚੁਰਾਸੀ ਦੇ ਕੈਂਪਸ ਅੰਬੈਸਡਰਾਂ ਅਤੇ ਕੈਂਪਸ ਨੋਡਲ ਸਵੀਪ ਅਫ਼ਸਰਾਂ ਦੀ ਸਾਂਝੀ ਵਰਕਸ਼ਾਪ ਵੀ ਲਗਾਈ ਗਈ। ਜ਼ਿਲ੍ਹਾ ਚੋਣ ਅਫ਼ਸਰ ਨੇ ਕਾਲਜ ਪ੍ਰਬੰਧਕ ਕਮੇਟੀ ਦੀ ਚੇਅਰਪਰਸਨ ਹੇਮਾ ਸ਼ਰਮਾ ਵੱਲੋਂ ਕਾਲਜ ਵਿੱਚ ਕਰਵਾਈਆਂ ਜਾ ਰਹੀਆਂ ਵੋਟ ਜਾਗਰੂਕਤਾ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਵੀਪ ਗਤੀਵਿਧੀਆਂ ਰਾਹੀਂ ਲੋਕਾਂ, ਨੌਜਵਾਨਾਂ ਅਤੇ ਖਾਸ ਕਰਕੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵੋਟ ਦੇ ਅਧਿਕਾਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਆਪਣੀ ਕੀਮਤੀ ਵੋਟ ਦੀ ਵਰਤੋਂ ਕਰਨ ਤੋਂ ਵਾਂਝੇ ਨਾ ਰਹਿ ਜਾਣ।  ਉਨ੍ਹਾਂ ਕਿਹਾ ਕਿ ਮਜ਼ਬੂਤ ਲੋਕਤੰਤਰ ਲਈ ਵੋਟ ਬਹੁਤ ਜ਼ਰੂਰੀ ਹੈ ਅਤੇ ਹਰ ਵੋਟ ਦਾ ਆਪਣਾ ਮਹੱਤਵ ਹੈ ਅਤੇ ਹਰੇਕ ਯੋਗ ਵਿਅਕਤੀ ਨੂੰ ਵੋਟ ਵਾਲੇ ਦਿਨ ਆਪਣੀ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ।  ਇਸ ਦੌਰਾਨ ਉਨ੍ਹਾਂ ਕਾਲਜ ਵਿੱਚ ਵੋਟ ਜਾਗਰੂਕਤਾ ਸਬੰਧੀ ਕਰਵਾਏ ਗਏ ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ, ਮਹਿੰਦੀ ਅਤੇ ਹੋਰ ਮੁਕਾਬਲਿਆਂ ਦੀ ਸ਼ਲਾਘਾ ਕਰਦਿਆਂ ਕਾਲਜ ਪ੍ਰਿੰਸੀਪਲ ਪ੍ਰਸ਼ਾਂਤ ਸੇਠੀ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਜਿੱਥੇ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਦੇ ਹਨ, ਉੱਥੇ ਹੀ ਉਨ੍ਹਾਂ ਦੇ ਸਰਬਪੱਖੀ ਵਿਕਾਸ ਅਤੇ  ਲੋਕਾਂ ਦੇ ਵੋਟ ਦੇ ਅਧਿਕਾਰ ਦੇ ਪ੍ਰਤੀ ਅਹਿਮ ਭੂਮਿਕਾ ਨਿਭਾਉਂਦੇ ਹਨ।  ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਕੇ ਚੋਣ ਪ੍ਰਕਿਰਿਆ ਦਾ ਹਿੱਸਾ ਬਣਨ ਦੀ ਅਪੀਲ ਕਰਦਿਆਂ ਈ.ਵੀ.ਐਮ.  ਮਸ਼ੀਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਕਿਹਾ। ਉਨ੍ਹਾਂ ਦੱਸਿਆ ਕਿ ਲੋਕ ਸਭਾ ਚੋਣਾਂ ਵਿੱਚ 100 ਫੀਸਦੀ ਵੀਵੀਪੈਟ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚੋਣ ਸਬੰਧੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਹੈਲਪਲਾਈਨ ਨੰਬਰ 1950 'ਤੇ ਦਿੱਤੀ ਜਾ ਸਕਦੀ ਹੈ, ਜਦਕਿ ਚੋਣ ਕਮਿਸ਼ਨ ਵੱਲੋਂ ਸੀ-ਵਿਜੀਲ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ ਗਈ ਹੈ ਅਤੇ ਇਸ ਰਾਹੀਂ ਵੀ ਕੋਈ ਵਿਅਕਤੀ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਸ਼ਿਕਾਇਤ ਕਰ ਸਕਦਾ ਹੈ, ਜਿਸ ਨੂੰ 100 ਮਿੰਟਾਂ ਵਿੱਚ ਹੱਲ ਕੀਤਾ ਜਾ ਸਕਦਾ ਹੈ। ਕੋਮਲ ਮਿੱਤਲ ਨੇ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਦੀ ਉਮਰ 18 ਸਾਲ ਹੋ ਗਈ ਹੈ, ਉਹ ਫਾਰਮ ਨੰਬਰ 6 ਭਰ ਕੇ ਜਾਂ ਆਨਲਾਈਨ ਆਪਣੀ ਵੋਟ ਬਣਾ ਸਕਦੇ ਹਨ। ਪ੍ਰੋਗਰਾਮ ਵਿੱਚ ਪੀਜੀ ਡਿਪਾਰਟਮੈਂਟ ਆਫ਼ ਕਾਮਰਸ  ਵੱਲੋਂ ਟਰੇਡ ਹਾਲ ਕਾਰਨੀਵਲ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਖਾਣ-ਪੀਣ ਦੀਆਂ ਵਸਤੂਆਂ, ਖੇਡਾਂ, ਨੇਲ ਆਰਟ ਆਦਿ ਸਬੰਧੀ ਸਟਾਲ ਲਗਾਏ।  ਇਸ ਦੌਰਾਨ ਨਗਰ ਨਿਗਮ ਹੁਸ਼ਿਆਰਪੁਰ ਦੀ ਟੀਮ ਜਿਸ ਵਿੱਚ ਮੀਨਾ ਕੁਮਾਰੀ, ਜਸਵਿੰਦਰ ਕੌਰ ਅਤੇ ਜੋਤੀ ਕਾਲੀਆ ਸ਼ਾਮਲ ਸਨ, ਜਿਨ੍ਹਾਂ  ਨੇ ਕੂੜੇ ਤੋਂ ਬਣੀ ਜੈਵਿਕ ਖਾਦ ਦਾ ਸਟਾਲ ਲਗਾ ਕੇ ਵਿਦਿਆਰਥੀਆਂ ਨੂੰ ਸਫਾਈ ਪ੍ਰਤੀ ਜਾਗਰੂਕ ਕੀਤਾ।  ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਨੁੱਕੜ ਨਾਟਕ, ਗਿੱਧਾ, ਮਿਮਿਕਰੀ, ਡਾਂਸ ਅਤੇ ਗੀਤਾਂ ਸਮੇਤ ਸੱਭਿਆਚਾਰਕ ਗਤੀਵਿਧੀਆਂ ਰਾਹੀਂ ਸਭ ਨੂੰ ਵੋਟ ਪਾਉਣ ਬਾਰੇ ਜਾਗਰੂਕ ਕੀਤਾ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ  ਗੋਪਾਲ ਸ਼ਰਮਾ, ਸੰਯੁਕਤ ਸਕੱਤਰ ਤਿਲਕ ਰਾਜ ਸ਼ਰਮਾ, ਖਜ਼ਾਨਚੀ ਨੈਸ਼ਨਲ ਐਵਾਰਡੀ ਪ੍ਰਮੋਦ ਸ਼ਰਮਾ, ਪ੍ਰਿੰਸੀਪਲ ਪ੍ਰਸ਼ਾਂਤ ਸੇਠੀ, ਰਾਕੇਸ਼ ਕੁਮਾਰ, ਸੰਦੀਪ ਸੂਦ, ਅੰਕੁਰ ਸ਼ਰਮਾ, ਇੰਦਰਜੀਤ ਸਿੰਘ, ਰੇਖਾ ਰਾਣੀ, ਮੇਨਕਾ ਭੱਟੀ, ਚੋਣ ਕਾਨੂੰਗੋ ਹਰਪ੍ਰੀਤ ਕੌਰ, ਨਰਿੰਦਰ ਸਿੰਘ,  ਸੰਜੀਵ ਅਰੋੜਾ, ਹਰਪ੍ਰੀਤ ਕੌਰ, ਹਰਸ਼ਿੰਦਰ ਪਾਲ, ਹਰੀਸ਼, ਰਜਨੀਸ਼ ਗੁਲਿਆਣੀ, ਨੀਰਜ ਧੀਮਾਨ, ਕਾਲਜ ਦੇ ਸਵੀਪ ਨੋਡਲ ਅਫਸਰ ਪ੍ਰੋ.  ਨੇਹਾ, ਐਸ. ਡੀ ਕਾਲਜੀਏਟ ਪੰਡਿਤ ਅੰਮ੍ਰਿਤ ਆਨੰਦ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ.ਰਾਧਿਕਾ ਰਤਨ, ਪ੍ਰੋ.  ਸੌਰਭ ਠਾਕੁਰ ਅਤੇ ਕਾਲਜ ਦਾ ਸਮੁੱਚਾ ਸਟਾਫ਼ ਹਾਜ਼ਰ ਸੀ।