ਉਪ ਮੰਡਲ ਮੈਜਿਸਟਰੇਟ ਨਵਾਂਸ਼ਹਿਰ ਨੇ ਕਣਕ ਦੀ ਨਿਰਵਿਘਨ ਖਰੀਦ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ 

  • ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਕਿਸਮ ਦੀ ਮੁਸ਼ਕਲ ਪੇਸ਼ ਨਾ ਆਉਣ ਦਿੱਤੀ ਜਾਵੇ 

ਨਵਾਂਸ਼ਹਿਰ, 03 ਅਪ੍ਰੈਲ : ਉਪ ਮੰਡਲ ਮੈਜਿਸਟਰੇਟ, ਨਵਾਂਸ਼ਹਿਰ ਡਾ.  ਅਕਸ਼ਿਤਾ ਗੁਪਤਾ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਵਿਖੇ ਕਣਕ ਦੀ ਨਿਰਵਿਘਨ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਸਬੰਧੀ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਸੈਕਟਰੀ ਮਾਰਕਿਟ ਕਮੇਟੀ ਨਵਾਂਸ਼ਹਿਰ ਇੰਦਰਜੀਤ ਸਿੰਘ, ਸਹਾਇਕ ਖੁਰਾਕ ਤੇ ਸਪਲਾਈ ਅਫਸਰ ਨਵਾਂਸ਼ਹਿਰ ਹਰੀਸ਼ ਕੁਮਾਰ, ਪ੍ਰਧਾਨ ਆੜ੍ਹਤੀ ਐਸੋਸਿਏਸ਼ਨ ਨਵਾਂਸ਼ਹਿਰ ਐਮ.ਐਸ. ਵਾਲੀਆ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਉਪ ਮੰਡਲ ਮੈਜਿਸਟਰੇਟ ਨਵਾਂਸ਼ਹਿਰ ਡਾ. ਅਕਸ਼ਿਤਾ ਗੁਪਤਾ ਨੇ ਮੀਟਿੰਗ ਦੌਰਾਨ ਮੰਡੀਆਂ ਵਿੱਚ ਕਣਕ ਖਰੀਦ ਸਬੰਧੀ ਵਿਚਾਰ—ਵਟਾਂਦਰਾ ਕੀਤਾ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਕਣਕ ਦੀ ਖਰੀਦ ਦਾ ਸੀਜਨ 01 ਅਪ੍ਰੈਲ, 2024 ਤੋਂ ਸ਼ੁਰੂ ਹੋ ਗਿਆ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕਿ ਉਹ ਕਿਸਾਨਾਂ ਵਲੋਂ ਮੰਡੀਆਂ ਵਿੱਚ ਲਿਆਂਦੀ ਗਈ ਕਣਕ ਦੀ ਖਰੀਦ ਸਬੰਧੀ ਉਹਨਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਉਣ ਦੇਣ। ਮੀਟਿੰਗ ਦੌਰਾਨ ਸਕੱਤਰ ਮਾਰਕਿਟ ਕਮੇਟੀ, ਨਵਾਂਸ਼ਹਿਰ ਵਲੋਂ ਦੱਸਿਆ ਗਿਆ ਕਿ ਸਬ ਡਵੀਜਨ, ਨਵਾਂਸ਼ਹਿਰ ਵਿੱਚ ਕੁੱਲ 12 ਮੰਡੀਆਂ ਹਨ, ਜਿਨ੍ਹਾਂ ਵਿੱਚ ਸਾਰੀਆਂ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਮੁਕੰਮਲ ਕਰ ਦਿੱਤੀਆਂ ਗਈਆਂ ਹਨ। ਸਹਾਇਕ ਖੁਰਾਕ ਤੇ ਸਪਲਾਈ ਅਫਸਰ, ਨਵਾਂਸ਼ਹਿਰ ਵਲੋਂ ਦੱਸਿਆ ਗਿਆ ਕਿ ਸਾਰੀਆਂ ਖਰੀਦ ਏਜੰਸੀਆਂ ਪਾਸ ਬਾਰਦਾਨਾ ਕਾਫੀ ਮਾਤਰਾ ਵਿੱਚ ਮੌਜੂਦ ਹੈ, ਜੋ ਵੀ ਸ਼ਾਰਟ—ਫਾਲ ਹੈ ਇੱਕ ਹਫਤੇ ਵਿੱਚ ਮੁਕੰਮਲ ਹੋ ਜਾਵੇਗੀ। ਉਪ ਮੰਡਲ ਮੈਜਿਸਟਰੇਟ ਨਵਾਂਸ਼ਹਿਰ ਨੇ ਸਹਾਇਕ ਖੁਰਾਕ ਸਪਲਾਈ ਅਫਸਰ ਨੂੰ ਹਦਾਇਤ ਕੀਤੀ ਗਈ ਕਿ ਖਰੀਦ ਏਜੰਸੀਆਂ ਨਾਲ ਆਪਣੇ ਪੱਧਰ ਤੇ ਸਮੇਂ—ਸਮੇਂ ਤੇ ਬਾਰਦਾਨੇ ਸਬੰਧੀ ਰੀਵੀਊ ਮੀਟਿੰਗ ਕਰਦੇ ਰਹਿਣ ਤਾਂ ਜੋ ਬਾਰਦਾਨੇ ਅਤੇ ਟਰਾਂਸਪੋਰਟੇਸ਼ਨ ਦੀ ਕੋਈ ਸਮੱਸਿਆ ਪੇਸ਼ ਨਾ ਆਵੇ। ਉਪ ਮੰਡਲ ਮੈਜਿਸਟਰੇਟ ਨੇ ਕਿਹਾ ਕਿ ਜ਼ਿਲ੍ਹਾ ਮੈਜਿਸਟਰੇਟ, ਸ਼ਹੀਦ ਭਗਤ ਸਿੰਘ ਨਗਰ ਵਲੋਂ 01.04.2024 ਤੋਂ 31.5.2024 ਤੱਕ ਧਾਰਾ 144 ਅਧੀਨ ਹੁਕਮ ਜਾਰੀ ਕੀਤੇ ਗਏ ਹਨ ਕਿ ਜਿਮੀਂਦਾਰਾਂ/ਕੰਬਾਈਨ ਮਾਲਕਾਂ ਵਲੋਂ ਕਣਕ ਦੀ ਕਟਾਈ ਸ਼ਾਮ 7.00 ਵਜੇ ਤੋਂ ਸਵੇਰੇ 7.00 ਵਜੇ ਤੱਕ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਆੜ੍ਹਤੀ ਐਸੋਸਿਏਸ਼ਨ ਦੇ ਪ੍ਰਧਾਨ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਆਪਣੇ ਪੱਧਰ ਤੇ ਕਿਸਾਨਾਂ ਨੂੰ ਜਾਗਰੂਕ ਕਰਨ ਕਿ ਕਣਕ ਦੀ ਖਰੀਦ ਲਈ 12% ਨਮੀ ਦੀ ਮਾਤਰਾ ਨਿਰਧਾਰਤ ਕੀਤੀ ਗਈ ਹੈ। ਜਿਹੜੇ ਕਿਸਾਨ ਮੰਡੀਆਂ ਵਿੱਚ ਕਣਕ ਲੈ ਕੇ ਆਉਣ, ਉਹ ਵੱਧ ਨਮੀਂ ਵਾਲੀ ਨਾ ਹੋਵੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਕਣਕ ਨੂੰ ਮੰਡੀਆਂ ਵਿੱਚ ਸੁਕਾ ਕੇ ਲਿਆਉਣ ਤਾਂ ਜੋ ਸਮੇਂ ਸਿਰ ਖਰੀਦ ਹੋ ਸਕੇ।