ਘੱਟ ਗਿਣਤੀ ਭਾਈਚਾਰੇ ਦੀ ਭਲਾਈ ਲਈ ਚਲਾਈਆਂ ਸਕੀਮਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਦੀ ਲੋੜ : ਇਕਬਾਲ ਸਿੰਘ ਲਾਲਪੁਰਾ

  • ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੇ ਘੱਟ ਗਿਣਤੀ ਭਾਈਚਾਰੇ ਦੇ ਨੁਮਾਇੰਦਿਆਂ ਤੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
  • ਕਿਹਾ, ਬਿਨਾਂ ਭੇਦਭਾਵ ਦੇ ਸਿੱਖਿਆ, ਰੋਜ਼ਗਾਰ, ਹਾਊਸਿੰਗ ਤੇ ਸੁਰੱਖਿਆ ’ਤੇ ਧਿਆਨ ਦੇਵੇ ਪ੍ਰਸ਼ਾਸਨ

ਹੁਸ਼ਿਆਰਪੁਰ, 21 ਅਪ੍ਰੈਲ : ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਫ਼ਤਰ ਦੇ ਮੀਟਿੰਗ ਹਾਲ ਵਿਚ ਘੱਟ ਗਿਣਤੀ ਭਾਈਚਾਰੇ ਦੇ ਨੁਮਾਇੰਦਿਆਂ ਤੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਿੱਖਿਆ, ਰੋਜ਼ਗਾਰ, ਹਾਊਸਿੰਗ, ਕਿਸੇ ਤਰ੍ਹਾਂ ਦੇ ਵਿਤਕਰੇ, ਘੱਟ ਗਿਣਤੀਆਂ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੀ ਸੁਰੱਖਿਆ ਆਦਿ ਦੇ ਮੁੱਦੇ ਵਿਚਾਰੇ। ਇਸ ਉਪਰੰਤ ਉਨ੍ਹਾਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਐਸ.ਐਸ.ਪੀ. ਸਰਤਾਜ ਸਿੰਘ ਚਾਹਲ ਨਾਲ ਵਿਸ਼ੇਸ਼ ਮੀਟਿੰਗ ਕਰਕੇ ਜ਼ਿਲ੍ਹੇ ਵਿਚ ਘੱਟ ਗਿਣਤੀਆਂ ਦੀਆਂ ਮੁਸ਼ਕਲਾਂ ਦੇ ਜਲਦ ਹੱਲ ਸਬੰਧੀ ਨਿਰਦੇਸ਼ ਵੀ ਦਿੱਤੇ। ਇਕਬਾਲ ਸਿੰਘ ਲਾਲਪੁਰਾ ਨੇ ਮੀਟਿੰਗ ਦੌਰਾਨ ਕਿਹਾ ਕਿ ਭਾਰਤ ਵਿਚ ਘੱਟ ਗਿਣਤੀਆਂ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਪੂਰੀ ਤਰ੍ਹਾਂ ਨਾਲ ਵਿਕਸਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸੂਬੇ ਦੀ ਤਰੱਕੀ, ਫਿਰਕੂ ਸਦਭਾਵਨਾ ਅਮਨ-ਸ਼ਾਂਤੀ, ਆਪਸੀ ਭਾਈਚਾਰੇ ਅਤੇ ਇਕਜੁੱਟਤਾ ਲਈ ਸਰਕਾਰੀ ਸਕੀਮਾਂ ਦਾ ਲਾਭ ਲੈ ਕੇ ਆਪਣੇ ਫਿਰਕਿਆਂ ਦੀਆਂ ਸਿਖਿਆਵਾਂ ਅਤੇ ਰੋਜ਼ਗਾਰ ਨੂੰ ਪ੍ਰਫੁੱਲਤ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਘੱਟ ਗਿਣਤੀ ਵਰਗ ਨਾਲ ਸਬੰਧਤ ਧਾਰਮਿਕ ਆਗੂ, ਵਿਦਿਅਕ ਸੰਸਥਾਵਾਂ ਅਤੇ ਸਮਾਜ ਸੇਵੀ ਸੰਸਥਾਵਾਂ ਘੱਟ ਗਿਣਤੀਆਂ ਲਈ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਸਕੀਮਾਂ ਦਾ ਜ਼ਮੀਨੀ ਪੱਧਰ ’ਤੇ ਲਾਭ ਦੇਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੇ ਹਨ। ਮੀਟਿੰਗ ਦਾ ਉਦੇਸ਼ ਦੱਸਦਿਆਂ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਘੱਟ ਗਿਣਤੀਆਂ ਦੀ ਭਲਾਈ ਤੇ ਪ੍ਰਫੁੱਲਤਾ ਕਰਨ ਲਈ ਪ੍ਰਧਾਨ ਮੰਤਰੀ ਦੇ 15 ਸੂਤਰੀ ਪ੍ਰੋਗਰਾਮ ਤਹਿਤ ਘੱਟ ਗਿਣਤੀ ਫਿਰਕਿਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਬਾਰੇ ਚਰਚਾ ਕੀਤੀ ਹੈ। ਚੇਅਰਮੈਨ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਨੇ ਕਿਹਾ ਕਿ ਘੱਟ ਗਿਣਤੀ ਕਮਿਸ਼ਨ ਚਾਹੁੰਦਾ ਹੈ ਕਿ ਘੱਟ ਗਿਣਤੀਆਂ ਲਈ ਬਣੀਆਂ ਸਕੀਮਾਂ ਦਾ ਲਾਭ ਜਮੀਨੀ ਪੱਧਰ ’ਤੇ ਪਹੁੰਚੇ ਅਤੇ ਸਿੱਖਿਆ ਦਾ ਪ੍ਰਸਾਰ ਹੋਵੇ, ਸਾਰਿਆਂ ਨੂੰ ਰੋਜ਼ਗਾਰ ਮਿਲੇ, ਰਹਿਣ ਲਈ ਘਰ ਹੋਵੇ, ਕਿਸੇ ਨਾਲ ਕਿਸੇ ਤਰ੍ਹਾਂ ਦਾ ਭੇਦਭਾਵ ਨਾ ਹੋਵੇ, ਕਿਸੇ ਦੇ ਸੱਭਿਆਚਾਰ ’ਤੇ ਹਮਲਾ ਨਾ ਹੋਵੇ, ਉਨ੍ਹਾਂ ਨੂੰ ਸੁਰੱਖਿਆ ਮਿਲੇ। ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਭਾਰਤ ਵਿਚ ਆਜ਼ਾਦੀ ਤੋਂ ਬਾਅਦ ਘੱਟ ਗਿਣਤੀ ਵਰਗ ਦੀ ਗਿਣਤੀ 21 ਫੀਸਦੀ ਤੱਕ ਪਹੁੰਚ ਗਈ ਹੈ, ਜਦਕਿ ਗਵਾਂਢੀ ਮੁਲਕ ਪਾਕਿਸਤਾਨ ਵਿਚ 22 ਫੀਸਦੀ ਤੋਂ ਕੇਵਲ 4.43 ਫੀਸਦੀ ਰਹਿ ਗਈ ਹੈ ਅਤੇ ਅਫਗਾਨਿਸਤਾਨ ਵਿਚ ਇਹ ਦਰ ਜ਼ੀਰੋ ’ਤੇ ਆ ਗਈ ਹੈ। ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਵੱਖ-ਵੱਖ ਫੁੱਲਾਂ ਦਾ ਇਕ ਗੁਲਦਸਤਾ ਹੈ ਅਤੇ ਇਥੇ ਸਾਰੇ ਫਿਰਕੇ ਮਿਲ ਜਲ ਕੇ ਰਹਿੰਦੇ ਹਨ। ਇਸ ਮੌਕੇ ਐਸ.ਡੀ.ਐਮ ਹੁਸ਼ਿਆਰਪੁਰ ਪ੍ਰੀਤ ਇੰਦਰ ਸਿੰਘ ਬੈਂਸ, ਜ਼ਿਲ੍ਹਾ ਸਮਾਜਿਕ ਨਿਆ ਅਤੇ ਅਧਿਕਾਰਤਾ ਅਫ਼ਸਰ ਰਜਿੰਦਰ ਸਿੰਘ, ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਹਾਰੂਨ ਰਤਨ, ਡੀ.ਸੀ.ਪੀ.ਓ. ਡਾ. ਹਰਪ੍ਰੀਤ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਸੰਜੀਵ ਗੌਤਮ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਧੀਰਜ ਵਸ਼ਿਸ਼ਟ, ਖੋਜ ਅਫ਼ਸਰ ਡਾ. ਜਸਵੰਤ ਰਾਏ, ਜੀ.ਐਮ. ਜ਼ਿਲ੍ਹਾ ਉਦਯੋਗ ਕੇਂਦਰ ਅਰੁਣ ਕੁਮਾਰ, ਡੀ.ਡੀ.ਪੀ.ਓ ਭੁਪਿੰਦਰ ਸਿੰਘ, ਤਹਿਸੀਲ ਭਲਾਈ ਅਫ਼ਸਰ ਰਣਵੀਰ ਸਿੰਘ, ਕ੍ਰਿਸ਼ਚੀਅਨ ਫਰੰਟ ਦੇ ਪ੍ਰਧਾਨ ਲਾਰੈਂਸ ਚੌਧਰੀ, ਆਗਿਆਪਾਲ ਸਿੰਘ ਸਾਹਨੀ, ਯਾਕੂਬ ਮਸੀਹ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।