ਰਾਜਾ ਵੜਿੰਗ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕੀਤੀ ਸ਼ਰਧਾਂਜਲੀ ਭੇਂਟ

ਜਲੰਧਰ, 26 ਅਪ੍ਰੈਲ : ਜਲੰਧਰ ਉਪ ਚੋਣ ਤੋਂ ਪਹਿਲਾਂ ਅੱਜ ਕਪੂਰਥਲਾ ਹਲਕੇ ਦੇ ਪਿੰਡ ਗੱਖਲ ਵਿਖੇ ਚੋਣ ਪ੍ਰਚਾਰ ਦੌਰਾਨ ਜਨ ਸਭਾ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਭੇਂਟ ਕੀਤੀ। ਵੜਿੰਗ ਨੇ ਕਿਹਾ ਕਿ ਕੁਝ ਨੇਤਾਵਾਂ ਦੇ ਸਵਾਰਥ ਨੇ ਸਿਆਸਤ ਦਾ ਮਿਆਰ ਹੀ ਨੀਵਾਂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਇੱਕ ਸਮਾਂ ਸੀ ਜਦੋਂ ਵਿਚਾਰਾਂ ਵਿੱਚ ਮਤਭੇਦ ਹੋਣ ਦੇ ਬਾਵਜੂਦ ਨੇਤਾ ਇੱਕ ਦੂਜੇ ਦਾ ਸਤਿਕਾਰ ਕਰਦੇ ਸਨ ਕਿਉਂਕਿ ਲੋਕਾਂ ਦੀ ਭਲਾਈ ਅਤੇ ਦੇਸ਼ ਦੀ ਖੁਸ਼ਹਾਲੀ ਇੱਕ ਸਾਂਝਾ ਟੀਚਾ ਸੀ, ਪਰ ਹੁਣ ਰਾਜਨੀਤੀ ਪੂਰੀ ਤਰ੍ਹਾਂ ਬਦਲ ਗਈ ਹੈ, ਅੱਜਕੱਲ੍ਹ ਸਿਆਸਤਦਾਨ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਕੁੱਝ ਵੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਵੱਖਰੇ ਵਿਚਾਰਾਂ ਕਰਕੇ ਮੇਰੀ ਰਾਏ ਬਾਦਲ ਪਰਿਵਾਰ ਨਾਲ ਕਦੇ ਵੀ ਮੇਲ ਨਹੀਂ ਖਾਂਦੀ ਸੀ। ਪ੍ਰਕਾਸ਼ ਸਿੰਘ ਬਾਦਲ ਨੇ ਵੀ ਆਪਣੀ ਚੋਣ ਗਿੱਦੜਬਾਹਾ ਹਲਕੇ ਤੋਂ ਲੜੀ ਸੀ। ਵਿਚਾਰਾਂ ਦੇ ਮੱਤਭੇਦ ਹੋਣ ਕਾਰਨ ਵੀ ਉਨ੍ਹਾਂ ਕਦੇ ਗੰਦੀ ਰਾਜਨੀਤੀ ਨਹੀਂ ਕੀਤੀ ਜਿਸ ਕਰਕੇ ਅੱਜ ਉਨ੍ਹਾਂ ਨੂੰ ਯਾਦ ਕਰ ਰਹੇ ਹਾਂ। ਇਸ਼ਤਿਹਾਰ ਪਾਰਟੀ ਦੀ ਭਾਰੀ ਆਲੋਚਨਾ ਕਰਦਿਆਂ ਵੜਿੰਗ ਨੇ ਕਿਹਾ ਕਿ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਕੋਵਿਡ ਦੌਰਾਨ ਸਰਕਾਰੀ ਮੁੱਖ ਮੰਤਰੀ ਰਿਹਾਇਸ਼ ਦੇ ‘ਸੁੰਦਰੀਕਰਨ’ ‘ਤੇ ਟੈਕਸ ਦਾਤਾਵਾਂ ਦੀ ਮਿਹਨਤ ਦੀ ਕਮਾਈ ਦੇ 45 ਕਰੋੜ ਰੁਪਏ ਬਰਬਾਦ ਕਰਨ ਬਾਰੇ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਉਸ ਦਾ ਲੋਕ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਜਦੋਂ ਲੋਕਾਂ ਨੂੰ ਸਾਹ ਲੈਣ ਲਈ ਆਕਸੀਜਨ ਨਹੀਂ ਮਿਲ ਰਹੀ ਸੀ ਉਦੋਂ ਮੁੱਖ ਮੰਤਰੀ ਸਾਹਿਬ ਆਪਣਾ ਘਰ ਸਜਾ ਰਹੇ ਸਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਲੰਧਰ ਦੀ ਤਰੱਕੀ, ਖੁਸ਼ਹਾਲੀ ਅਤੇ ਵਿਕਾਸ ਲਈ ਪਾਰਟੀ ਉਮੀਦਵਾਰ ਪ੍ਰੋ: ਕਰਮਜੀਤ ਕੌਰ ਚੌਧਰੀ ਦੇ ਹੱਕ ਵਿੱਚ ਪੂਰਨ ਸਹਿਯੋਗ ਦੇਣ ਅਤੇ ਉਨ੍ਹਾਂ ਦੀ ਜਿੱਤ ਨੂੰ ਯਕੀਨੀ ਬਣਾਉਣ। ਉਨ੍ਹਾਂ ਵੋਟਰਾਂ ਨੂੰ ਇਹ ਵੀ ਕਿਹਾ ਕਿ ਉਹ ਧੋਖੇਬਾਜ਼ਾਂ ਤੋਂ ਸੁਚੇਤ ਰਹਿਣ ਅਤੇ ‘ਬਦਲਾਅ’ ਦੇ ਨਾਂ ‘ਤੇ ਉਨ੍ਹਾਂ ਦੀਆਂ ਝੂਠੀਆਂ ਗਾਰੰਟੀਆਂ ਅਤੇ ਝੂਠੇ ਵਾਅਦਿਆਂ ‘ਤੇ ਮੁੜ ਯਕੀਨ ਨਾ ਕਰਨ। ਇਸ ਜਨ ਸਭਾ ਦੌਰਾਨ ਕਾਂਗਰਸੀ ਉਮੀਦਵਾਰ ਪ੍ਰੋ: ਕਰਮਜੀਤ ਕੌਰ ਚੌਧਰੀ ਸਾਬਕਾ ਵਿਧਾਇਕ ਅਤੇ ਕਾਂਗਰਸ ਕਮੇਟੀ ਜਿਲ੍ਹਾ. ਇੰਚਾਰਜ ਸ: ਹਰਪ੍ਰਤਾਪ ਸਿੰਘ ਅਜਨਾਲਾ, ਗੁਰਸ਼ਰਨ ਕੌਰ ਰੰਧਾਵਾ ਪ੍ਰਧਾਨ ਮਹਿਲਾ ਕਾਂਗਰਸ, ਭਗਵੰਤ ਪਾਲ ਸੱਚਰ ਸਾਬਕਾ ਜਿਲ੍ਹਾ. ਪ੍ਰਧਾਨ ਅੰਮ੍ਰਿਤਸਰ (ਦਿਹਾਤੀ) ਅਤੇ ਇਲਾਕੇ ਦੇ ਹੋਰ ਆਗੂ।