ਪੰਜਾਬ ਸਰਕਾਰ ਹਰ ਔਖੀ ਘੜੀ ਵਿਚ ਕਿਸਾਨਾਂ ਦੇ ਨਾਲ ਖੜ੍ਹੀ ਹੈ : ਕੈਬਨਿਟ ਮੰਤਰੀ ਧਾਲੀਵਾਲ

ਕਪੂਰਥਲਾ, 10 ਅਪ੍ਰੈਲ : ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਤੇ ਖੇਤੀਬਾੜੀ ਮੰਤਰੀ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਦੀ ਤਰਜ਼ ਤੇ ਵਿਕਸਿਤ ਕਰੇਗੀ ਜਿਸ ਲਈ ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ ।ਉਹ ਅੱਜ ਭੁਲੱਥ ਹਲਕੇ ਦੇ ਪਿੰਡ ਲੱਖਣ-ਕੇ - ਪੱਡੇ ਵਿਖੇ ਲਗਭਗ 6.39 ਕਰੋੜ ਰੁਪੈ ਦੇ ਵਿਕਾਸ ਕੰਮਾਂ ਦੇ ਨੀਂਹ ਪੱਥਰ ਰੱਖਣ ਮੌਕੇ ਗੱਲ ਕਰ ਰਹੇ ਸਨ। ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵੀ ਹਾਜ਼ਰ ਸਨ ।ਇਸ ਮੌਕੇ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ  ਨੇ ਕਿਹਾ ਹੈ ਕਿ ਪੰਜਾਬ ਸਰਕਾਰ ਹਰ ਔਖੀ ਘੜੀ ਵਿਚ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਹਾਲ ਹੀ ਵਿਚ ਮੀਂਹ ਕਾਰਨ ਖਰਾਬ ਹੋਈ ਕਣਕ ਤੇ ਹੋਰ ਫਸਲਾਂ ਦੇ ਖਰਾਬੇ ਲਈ ਗਿਰਦਾਵਰੀ ਦਾ ਕੰਮ ਮੁਕੰਮਲ ਕਰਕੇ ਅਬੋਹਰ ਤੋਂ 13 ਅਪ੍ਰੈਲ ਤੋਂ ਕਿਸਾਨਾਂ ਨੂੰ ਮੁਆਵਾਜ਼ਾ ਰਾਸ਼ੀ ਵੰਡਣ ਦੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹੈ ਕਿ ਸ੍ਰੀ ਭਗਵੰਤ ਨਾਲ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਰਾਜ ਸਰਕਾਰ ਵੱਲੋਂ ਫਸਲਾਂ ਦੇ ਖਰਾਬੇ ਦੀ ਮੁਆਵਜਾ ਰਾਸ਼ੀ ਵਿੱਚ 25 ਫੀਸਦੀ ਦਾ ਵਾਧਾ ਕੀਤਾ ਗਿਆ ਹੈ ਅਤੇ ਕਣਕ ਤੋਂ ਇਲਾਵਾ ਜਿਹੜੀਆਂ ਫਸਲਾਂ ਬਾਰਸ਼ ਕਾਰਨ ਖਰਾਬ ਹੋਈਆਂ ਹਨ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਵੀ ਕੀਤੀ ਜਾਵੇਗੀ।ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਪੇਂਡੂ ਵਿਕਾਸ ਵਿਭਾਗ ਵੱਲੋਂ ਪਿੰਡਾਂ ਅੰਦਰ ਸ਼ਹਿਰਾਂ ਵਾਂਗ ਸਹੂਲਤਾਂ ਦੇਣ ਲਈ ਸੀਵਰੇਜ , ਪੀਣ ਵਾਲੇ ਪਾਣੀ , ਪੱਕੀਆਂ ਗਲੀਆਂ, ਸਟ੍ਰੀਟ ਲਾਇਟਾਂ ਤੇ ਪਾਰਕਾਂ ਦੀ ਉਸਾਰੀ ਕੀਤੀ ਜਾ ਰਹੀ ਹੈ । ਪਿੰਡ ਲੱਖਣ ਕੇ ਪੱਡਾ ਵਿਖੇ ਕੈਬਨਿਟ ਮੰਤਰੀ ਵੱਲੋਂ 1.07 ਕਰੋੜ ਰੁਪੈ ਦੀ ਲਾਗਤ ਨਾਲ ਦਾਣਾ ਮੰਡੀ ਦੇ ਫੜ੍ਹ ਦੇ ਵਿਸਥਾਰ ਤੇ ਅੰਦਰੂਨੀ ਸੜਕਾਂ ਦੇ ਨਵੀਨੀਕਰਨ ਦੇ ਕੰਮ ਦੀ ਵੀ ਸ਼ੁਰੂਆਤ ਕਰਵਾਈ ਗਈ ।ਇਸ ਤੋਂ ਇਸ ਮੰਡੀ ਵਿਖੇ 86 ਲੱਖ ਰੁਪੈ ਦੀ ਲਾਗਤ ਨਾਲ ਸਟੀਲ ਦੇ ਨਵੇਂ 75-200 ਵਰਗ ਫੁੱਟ ਦੇ ਸ਼ੈਡ ਦੀ ਉਸਾਰੀ  ਦੇ ਕੰਮ ਦੀ ਵੀ ਅਰੰਭਤਾ ਕਰਵਾਈ ਗਈ ਜਿਸ ਨਾਲ ਨੇੜਲੇ 10 ਪਿੰਡਾਂ ਦੇ ਕਿਸਾਨਾਂ ਤੇ ਆੜ੍ਹਤੀਆਂ ਨੂੰ ਸਿੱਧਾ ਲਾਭ ਹੋਵੇਗਾ ਕਿਉਂਕਿ ਉਹਨਾਂ ਨੂੰ ਆਪਣੀ ਫਸਲ ਆਸਾਨੀ ਨਾਲ ਵੇਚਣ ਦੇ ਨਾਲ - ਨਾਲ ਮੌਸਮ ਦੀ ਖ਼ਰਾਬੀ ਵੇਲੇ ਵੀ ਫਸਲ ਦੀ ਸਾਂਭ ਸੰਭਾਲ ਦੀ ਸਹੂਲਤ ਮਿਲੇਗੀ ।