14 ਤੋਂ 18 ਜੂਨ ਤੱਕ ਵਾਹਨ ਤੇ ਡਰਾਈਵਿੰਗ ਲਾਇਸੰਸ ਸਬੰਧੀ ਸੇਵਾਵਾਂ ਦੇਣ ਵਾਲਾ ਆਨਲਾਈਨ ਪੋਰਟਲ ਰਹੇਗਾ ਬੰਦ

  • ਉਕਤ ਦਿਨਾਂ ’ਚ ਜਿਨ੍ਹਾਂ ਦਸਤਾਵੇਜ਼ਾਂ ਦੀ ਮਿਆਦ ਹੋ ਰਹੀ ਹੈ ਖ਼ਤਮ, ਉਨ੍ਹਾਂ ਨੂੰ 24 ਜੂਨ ਤੱਕ ਨਹੀਂ ਲੱਗੇਗਾ ਕੋਈ ਵੀ ਜ਼ੁਰਮਾਨਾ

ਹੁਸ਼ਿਆਰਪੁਰ, 13 ਜੂਨ 2024 : ਰਿਜਨਲ ਟਰਾਂਸਪੋਰਟ ਅਫ਼ਸਰ ਰਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਵਿੱਤ ਵਿਭਾਗ ਵੱਲੋਂ ਵਾਹਨ ਅਤੇ ਡਰਾਈਵਿੰਗ ਲਾਇਸੰਸ ਸਬੰਧੀ ਸੇਵਾਵਾਂ ਲਈ ਫੀਸ, ਟੈਕਸ ਭਰਨ ਵਾਲਾ ਆਨਲਾਈਨ ਪੋਰਟਲ ਮੇਨਟੀਨੈਂਸ ਕਾਰਨ 14 ਤੋਂ 18 ਜੂਨ ਤੱਕ ਬੰਦ ਰਹੇਗਾ। ਇਸ ਸਬੰਧੀ ਟਰਾਂਸਪੋਰਟ ਕਮਿਸ਼ਨਰ ਪੰਜਾਬ ਵੱਲੋਂ ਪੱਤਰ ਜਾਰੀ ਕਰਕੇ ਇਹ ਦੱਸਿਆ ਗਿਆ ਹੈ ਕਿ ਜਿਨ੍ਹਾਂ ਵਾਹਨਾਂ ਦੇ ਦਸਤਾਵੇਜ਼ ਜਾਂ ਡਰਾਈਵਿੰਗ ਲਾਇਸੰਸ ਇਨ੍ਹਾਂ ਚਾਰ ਦਿਨਾਂ ਵਿਚ ਖ਼ਤਮ ਹੋ ਰਹੇ ਹਨ, ਤਾਂ ਆਮ ਜਨਤਾ ਦੀ ਸੁਵਿਧਾ ਲਈ ਉਨ੍ਹਾਂ ਦਸਤਾਵੇਜਾਂ ਦੀ ਮਿਆਦ ਪੰਜ ਦਿਨ ਦੇ ਲਈ ਹੋਰ ਵਧਾਈ ਗਈ ਹੈ, ਤਾਂ ਜੋ ਉਨ੍ਹਾਂ ਨੂੰ ਲੇਟ ਫੀਸ ਜਾਂ ਜ਼ੁਰਮਾਨਾਂ ਨਾ ਭਰਨਾ ਪਵੇ। ਰਿਜਨਲ ਟਰਾਂਸਪੋਰਟ ਅਫ਼ਸਰ ਨੇ ਦੱਸਿਆ ਕਿ 14 ਤੋਂ 18 ਜੂਨ 2024 ਤੱਕ ਆਈ.ਐਫ.ਐਮ.ਐਸ ਪੋਰਟਲ ਬੰਦ ਰਹੇਗਾ ਅਤੇ ਕੋਈ ਵੀ ਵਾਹਨ ਜਾਂ ਸਾਰਥੀ ਭੁਗਤਾਨ ਨਹੀਂ ਹੋਵੇਗਾ। ਆਰ.ਸੀ, ਲਾਇਸੰਸ, ਪਰਮਿਟ ਅਤੇ ਹੋਰ ਸੇਵਾਵਾਂ ਬੰਦ ਰਹਿਣਗੀਆਂ, ਪਰ ਇਨ੍ਹਾਂ ਦਿਨਾਂ ਵਿਚ ਜਿਨ੍ਹਾਂ ਦਸਤਾਵੇਜਾਂ ਦੀ ਮਿਆਦ ਖਤਮ ਹੋ ਰਹੀ ਹੈ, ਉਨ੍ਹਾਂ ’ਤੇ 24 ਜੂਨ 2024 ਤੱਕ ਕੋਈ ਵੀ ਜ਼ੁਰਮਾਨਾ ਨਹੀਂ ਲੱਗੇਗਾ।