ਹਵਾਈ ਅੱਡੇ ਦਾ ਨਾਂਅ ਗੁਰੂ ਰਵੀਦਾਸ ਜੀ ਦੇ ਨਾਂਅ ‘ਤੇ ਰੱਖਿਆ ਜਾਵੇ, ਸੰਤ ਸੀਚੇਵਾਲ ਨੇ ਮੰਤਰੀ ਭਗਵੰਤ ਮਾਨ ਤੋਂ ਕੀਤੀ ਮੰਗ 

ਜਲੰਧਰ, 25 ਮਾਰਚ : ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਆਦਮਪੁਰ ਦੇ ਹਵਾਈ ਅੱਡੇ ਦਾ ਨਾਂਅ ਸ਼੍ਰੀ ਗੁਰੂ ਰੀਵਦਾਸ ਜੀ ਦੇ ਨਾਂਅ ‘ਤੇ ਰੱਖਿਆ ਜਾਵੇ। ਉਨ੍ਹਾਂ ਡੇਰਾ ਸੱਚਖੰਡ ਦੇ ਸੰਤ ਨਿਰੰਜਣ ਦਾਸ ਜੀ ਦੀ ਹਾਜ਼ਰੀ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਉਹ ਇਸ ਸੰਬੰਧੀ ਬਣਦੀ ਕਾਰਵਾਈ ਪਹਿਲ ਅਧਾਰ ‘ਤੇ ਕਰਵਾੳਣ। ਉਨ੍ਹਾਂ ਕਿਹਾ ਕਿ ਦਲਿਤ ਸਮਾਜ ਦੀ ਇਹ ਚਿਰੋਕਣੀ ਮੰਗ ਹੈ ਕਿ ਇਸ ਹਵਾਈ ਅੱਡੇ ਦਾ ਨਾਂਅ ਗੁਰੂ ਰਵੀਦਾਸ ਜੀ ਦੇ ਨਾਂਅ ‘ਤੇ ਰੱਖਿਆ ਜਾਵੇ। ਡੇਰਾ ਸੱਚਖੰਡ ਬੱਲਾਂ ਵਿੱਚ ਹੋਏ ਇਸ ਸਮਾਗਮ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਐਮ.ਪੀ ਰਾਘਵ ਚੱਢਾ ਤੇ ਕਈ ਮੰਤਰੀ ਤੇ ਵਿਧਾਇਕ ਵੀ ਹਾਜ਼ਰ ਸਨ। ਸੰਤ ਸੀਚੇਵਾਲ ਨੇ ਦੋ ਦਿਨ ਪਏ ਮੀਂਹ ਕਾਰਨ ਫਸਲਾਂ ਦੇ ਹੋਏ ਨੁਕਸਾਨ ਤੇ ਖ਼ਾਸ ਕਰਕੇ ਕਣਕਾਂ ਦੇ ਨੁਕਸਾਨ ਦਾ ਮੁੱਦਾ ਮੁੱਖ ਮੰਤਰੀ ਪੰਜਾਬ ਕੋਲ ਚੁੱਕਿਆ। ਉਨ੍ਹਾਂ ਕਿਹਾ ਕਿ ਕਣਕਾਂ ਹੁਣ ਜਦੋਂ ਪੱਕਣ ‘ਤੇ ਆਈਆ ਹੋਈਆ ਸਨ ਉਸ ਵੇਲੇ ਪਏ ਮੀਂਹ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਉਹਨਾਂ ਮੁੱਖ ਮੰਤਰੀ ਕੋਲੋਂ ਮੰਗ ਕੀਤੀ ਕਿ ਬਿਨ੍ਹਾਂ ਦੇਰ ਕੀਤਿਆਂ ਫਸਲਾਂ ਦੀ ਗਦਵਾਰੀ ਕਰਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤੇ ਨਾਲ ਹੀ ਖੇਤ ਮਜ਼ਦੂਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਫਸਲਾਂ ਦੇ ਹੋਏ ਨੁਕਸਾਨ ਕਾਰਨ ਉਨ੍ਹਾਂ ਨੂੰ ਵੀ ਕੰੰਮ ਘੱਟ ਮਿਲੇਗਾ। ਸੰਤ ਸੀਚੇਵਾਲ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿੱਚ ਲਿਆਂਦਾ ਕਿ ਗਿੱਦੜਪਿੰਡੀ ਨੇੜੇਓ ਸਤਲੁਜ ਦਰਿਆ ਦਾ ਬੰਨ੍ਹ ਕਈ ਵਾਰ ਟੁੱਟ ਚੁੱਕਾ ਹੈ ਜਿਸ ਨਾਲ ਲੋਕਾਂ ਦਾ ਵੱਡੇ ਪੱਧਰ ‘ਤੇ ਨੁਕਸਾਨ ਹੁੰਦਾ ਹੈ ਤੇ ਸਰਕਾਰਾਂ ਨੂੰ ਮੁਆਵਜ਼ਾ ਵੀ ਦੇਣਾ ਪੈਂਦਾ ਹੈ। ਸਾਲ 2019 ਵਿੱਚ ਆਏ ਹੜ੍ਹ ਕਾਰਨ ਫਸਲਾਂ ਅਤੇ ਸਰਕਾਰ ਦੇ ਬੁਨਿਆਦੀ ਢਾਂਚੇ ਦਾ ਹੀ 1200 ਕਰੋੜ ਦਾ ਨੁਕਸਾਨ ਹੋ ਗਿਆ ਸੀ। ਉਨ੍ਹਾਂ ਮੁੱਖ ਮੰਤਰੀ ਕੋਲੋ ਮੰਗ ਕੀਤੀ ਕਿ ਗਿੱਦੜਪਿੰਡੀ ਤੋਂ ਲੈਕੇ ਫਿਲੌਰ ਤੱਕ ਧੁੱਸੀ ਬੰਨ੍ਹ ‘ਤੇ ਸੜਕ ਪੱਕੀ ਕੀਤੀ ਜਾਵੇ। ਇਸ ਨਾਲ ਬੰਨ੍ਹ ਦੀ ਨਿਗਰਾਨੀ ਵੀ ਰਹੇਗੀ ਤੇ ਪਿੰਡਾਂ ਵਿੱਚ ਮਾਈਨਿੰਗ ਦੀਆਂ ਲੱਦੀਆਂ ਟਰਾਲੀਆਂ ਦੇ ਲੰਘਣ ਕਾਰਨ ਸੜਕਾਂ ਦੇ ਹੁੰਦੇ ਨੁਕਸਾਨ ਤੋਂ ਵੀ ਬਚਾਅ ਹੋ ਜਾਵੇਗਾ।