ਨਗਰ ਨਿਗਮ ਨੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋ ਕਰਨ ਵਾਲਿਆਂ ਦੇ ਕੀਤੇ ਚਲਾਨ  

ਹੁਸ਼ਿਆਰਪੁਰ, 23 ਜੁਲਾਈ 2024 : ਕਮਿਸ਼ਨਰ ਨਗਰ ਨਿਗਮ ਹੁਸਿਆਰਪੁਰ ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੁਲਾਈ, 2022 ਤੋਂ ਸਿੰਗਲ ਯੂਜ਼ ਪਲਾਸਟਿਕ ਤੋਂ ਬਣੀਆਂ ਵਸਤਾਂ ਦੀ ਸਟੋਰੇਜ, ਵਿਕਰੀ ਅਤੇ ਵਰਤੋਂ ਕਰਨ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ ਅਤੇ ਜੇਕਰ ਕੋਈ ਵਿਅਕਤੀ ਇਸ ਦੀ ਉਲੰਘਣਾ ਕਰਦਾ ਹੋਇਆ ਪਾਇਆ ਜਾਂਦਾ ਹੈ ਤਾਂ ਉਸਦੇ ਖਿਲਾਫ਼ ਬਣਦੀ ਕਾਰਵਾਈ ਅਮਲ ਵਿਚ ਲਿਆਉਂਦੇ ਹੋਏ ਚਲਾਨ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਇਸ ਸਬੰਧੀ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਹੋਈਆ ਹੈ, ਜੋ ਕਿ ਫੀਲਡ ਵਿਚ ਚੈਕਿੰਗ ਦੌਰਾਨ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਚਲਾਨ ਜਾਰੀ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸੇ ਲੜੀ ਵਿਚ ਅੱਜ ਨਗਰ ਨਿਗਮ ਹੁਸ਼ਿਆਰੁਪਰ ਦੀ ਇੰਸਪੈਕਟਰ ਰੇਖਾ ਰਾਣੀ ਵਲੋਂ ਆਪਣੀ ਟੀਮ ਨਾਲ ਸ਼ਹਿਰ ਦੇ ਵੱਖ- ਵੱਖ ਇਲਾਕਿਆਂ ਵਿਚ ਚੈਕਿੰਗ ਕੀਤੀ ਗਈ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕਰ ਰਹੇ ਦੁਕਾਨਦਾਰਾਂ ਤੋਂ ਪਲਾਸਟਿਕ ਦੇ ਲਿਫ਼ਾਫ਼ੇ ਜ਼ਬਤ ਕੀਤੇ ਅਤੇ 4 ਚਲਾਨ ਜਾਰੀ ਕੀਤੇ ਗਏ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੰਗਲ ਯੂਜ਼ ਪਲਾਸਟਿਕ ਤੋਂ ਬਣੇ ਸਾਮਾਨ ਦੀ ਵਰਤੋਂ ਅਕਸਰ ਵਿਆਹ ਸਮਾਗਮਾਂ ਅਤੇ ਹੋਰਨਾਂ ਪਾਰਟੀਆਂ ਵਿਚ ਵੀ ਸ਼ਰੇਆਮ ਕੀਤੀ ਜਾਂਦੀ ਹੈ। ਇਸ ਲਈ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਸ਼ਹਿਰ ਵਿਚ ਬਣੇ ਮੈਰਿਜ ਪੈਲਸਾਂ, ਹੋਟਲਾਂ ਅਤੇ ਧਰਮਸ਼ਾਲਾ ਦੇ ਮਾਲਕਾਂ ਨੂੰ ਸਿੰਗਲ ਯੂਜ਼ ਪਲਾਸਟਿਕ ਤੋਂ ਬਣੇ ਸਾਮਾਨ ਦੀ ਵਰਤੋਂ ਪ੍ਰੋਗਰਾਮਾਂ ਵਿਚ ਨਾ ਕਰਨ ਦੀ ਹਦਾਇਤ ਕੀਤੀ ਗਈ ਹੈ ਅਤੇ ਜੇਕਰ ਕੋਈ ਵੀ ਇਸ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦਾ ਚਲਾਨ ਕੀਤਾ ਜਾਵੇਗਾ।