ਮੰਤਰੀ ਕਟਾਰੂਚੱਕ ਨੇ ਈਕੋ ਪਾਰਕ ਗ੍ਰੀਨ ਬੈਲਟ ਅਤੇ ਨੇਚਰ ਇੰਟਰਪ੍ਰਿਟੇਸ਼ਨ ਸੈਂਟਰ ਦਾ ਕੀਤਾ ਉਦਘਾਟਨ

  • ਡਿਪਟੀ ਸਪੀਕਰ ਰੋੜੀ ਅਤੇ ਕੈਬਨਿਟ ਮੰਤਰੀ ਜਿੰਪਾ ਦੀ ਮੌਜੂਦਗੀ ਵਿਚ ਕਰਵਾਏ ਸਮਾਗਮਾਂ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਰੱਖੀਆਂ ਸਾਹਮਣੇ
  • ਕਿਹਾ, ਲੋਕਾਂ ਨੂੰ ਸਵੱਛ ਵਾਤਾਵਰਨ ਦੇਣ ਅਤੇ ਕੁਦਰਤ ਨਾਲ ਜੋੜਨ ਲਈ ਜੰਗਲਾਤ ਵਿਭਾਗ ਯਤਨਸ਼ੀਲ
  • ਕੇਵਲ ਇਕ ਸਾਲ ਵਿਚ ਹੀ ਪੰਜਾਬ ਸਰਕਾਰ ਨੇ ਜਨ ਹਿੱਤ ਵਿਚ ਲਏ ਕਈ ਇਤਿਹਾਸਕ ਫ਼ੈਸਲੇ

ਹੁਸ਼ਿਆਰਪੁਰ, 13 ਅਪ੍ਰੈਲ : ਖੁਰਾਕ ਸਿਵਲ ਸਪਲਾਈ ਅਤੇ ਪਖਤਕਾਰ ਮਾਮਲੇ, ਜੰਗਲਾਤ ਅਤੇ ਜੰਗਲੀ ਜੀਵ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਲੋਕਾਂ ਨੂੰ ਸਵੱਛ ਵਾਤਾਵਰਨ ਦੇਣ ਲਈ ਪੰਜਾਬ ਸਰਕਾਰ ਯਤਨਸ਼ੀਲ ਹੈ, ਜਿਸ ਤਹਿਤ ਜੰਗਲਾਤ ਵਿਭਾਗ ਵੱਲ-ਵੱਖ ਪ੍ਰਾਜੈਕਟਾਂ ਰਾਹੀਂ ਲੋਕਾਂ ਨੂੰ ਕੁਦਰਤ ਦੇ ਨੇੜ੍ਹੇ ਲਿਆ ਰਿਹਾ ਹੈ। ਉਹ ਅੰਜ ਹੁਸ਼ਿਆਰਪੁਰ ਵਿਖੇ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਦੀ ਮੌਜੂਦਗੀ ਵਿਚ 71 ਲੰਖ ਰੁਪਏ ਦੀ ਲਾਗਤ ਨਾਲ ਭੰਗੀ ਚੋਅ ਦੇ ਨਾਲ ਬਣਾਈ ਗਈ ਈਕੋ ਪਾਰਕ ਗ੍ਰੀਨ ਬੈਲਟ ਅਤੇ ਬੱਸੀ ਪੁਰਾਣੀ ਦੇ ਵਣ ਚੇਤਨਾ ਪਾਰਕ ਵਿਚ ਨੇਚਰ ਇੰਟਰਪ੍ਰਿਟੇਸ਼ਨ ਸੈਂਟਰ ਦਾ ਉਦਘਾਟਨ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।  ਇਸ ਦੌਰਾਨ ਉਨ੍ਹਾਂ ਨਾਲ ਵਿਧਾਇਕ ਸ਼ਾਮ ਚੌਰਾਸੀ ਡਾ. ਰਵਜੋਤ ਸਿੰਘ, ਵਿਧਾਇਕ ਉੜਮੁੜ ਜਸਵੀਰ ਸਿੰਘ ਰਾਜਾ ਗਿੰਲ, ਵਿਧਾਇਕ ਦਸੂਹਾ ਕਰਮਵੀਰ ਸਿੰਘ ਘੁੰਮਣ, ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਕਰਮਜੀਤ ਕੌਰ, ਮੇਅਰ ਸੁਰਿੰਦਰ ਕੁਮਾਰ, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਚੇਅਰਮੈਨ ਨਗਰ ਸੁਧਾਰ ਟਰੱਸਟ ਹਰਮੀਤ ਸਿੰਘ ਔਲਖ, ਦੀ ਹੁਸ਼ਿਆਰਪੁਰ ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ ਬੌਬੀ, ਸੀ. ਸੀ. ਐਫ ਹਿੱਲਸ ਬਸੰਤਾ ਰਾਜ ਕੁਮਾਰ, ਸੀ. ਐਫ ਨਾਰਥ ਡਾ. ਸੰਜੀਵ ਕੁਮਾਰ ਤਿਵਾੜੀ ਅਤੇ ਡੀ. ਐਫ. ਓ ਅਮਨੀਤ ਸਿੰਘ ਵੀ ਮੌਜੂਦ ਸਨ। ਜੰਗਲਾਤ ਮੰਤਰੀ ਨੇ ਕਿਹਾ ਕਿ ਭੰਗੀ ਚੋਅ ਦੇ ਨਾਲ ਕਰੀਬ 46 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਈਕੋ ਪਾਰਕ ਗ੍ਰੀਨ ਬੈਲਟ ਵਿਭਾਗ ਦਾ ਇਕ ਵਿਲੱਖਣ ਸੰਕਲਪ ਹੈ, ਜਿਸ ਵਿਚ ਭੰਗੀ ਚੋਅ ਦੇ ਨਾਲ ਸਾਰੇ ਕੂੜੇ ਨੂੰ ਸਾਫ਼ ਕੀਤਾ ਗਿਆ ਅਤੇ ਹੁਸ਼ਿਆਰਪੁਰ ਦੇ ਲੋਕਾਂ ਨੂੰ ਕੁਦਰਤ ਦੇ ਨਜ਼ਦੀਕ ਲਿਆਉਣ ਲਈ ਅਤੇ ਸੁੰਦਰਤਾ ਦਾ ਆਨੰਦ ਲੈਣ ਲਈ ਇਕ ਪੈਦਲ ਮਾਰਗ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੀ ਸੁੰਦਰਤਾ ਨੂੰ ਦਰਸਾਉਣ ਲਈ ਇਸ ਪਾਰਕ ਵਿਚ ਜਿਥੇ ਜਿੰਮ ਦੇ ਸਾਮਾਨ ਅਤੇ ਰੋਸ਼ਨੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ, ਉਥੇ ਇਕ ਬੱਸ ਸ਼ੈਲਟਰ ਦੀ ਵੀ ਮੁਰੰਮਤ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪੈਦਲ ਮਾਰਗ ਦੇ ਨਾਲ ਫੁੱਲਾਂ ਅਤੇ ਸਜਾਵਟੀ ਪੌਦਿਆਂ ਦੀ ਸੁਰੱਖਿਆ ਲਈ ਕੰਡਿਆਲ਼ੀ ਤਾਰ ਵੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਈਕੋ ਪਾਰਕ ਕੁਦਰਤ ਪ੍ਰਤੀ ਹੁਸ਼ਿਆਰਪੁਰ ਵਾਸੀਆਂ ਵਿਚ ਸਨੇਹ ਪੈਦਾ ਕਰਨ ਵਿਚ ਸਹਾਈ ਸਿੱਧ ਹੋਵੇਗਾ। 25 ਲੱਖ ਰੁਪਏ ਦੀ ਲਾਗਤ ਨਾਲ ਵਣ ਚੇਤਨਾ ਪਾਰਕ ਬੱਸੀ ਪੁਰਾਣੀ ਵਿਖੇ ਨੇਚਰ ਇੰਟਰਪ੍ਰਿਟੇਸ਼ਨ ਸੈਂਟਰ ਦਾ ਉਦਘਾਟਨ ਕਰਦਿਆਂ ਜੰਗਲਾਤ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਸਮੁੱਚੇ ਪੰਜਾਬ ਵਿਚ ਆਪਣੀ ਤਰ੍ਹਾਂ ਦਾ ਅਨੂਠਾ ਪ੍ਰਾਜੈਕਟ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਰਾਹੀਂ ਹੁਸ਼ਿਆਰਪੁਰ ਸ਼ਹਿਰ ਦੇ ਨੌਜਵਾਨਾਂ ਦੇ ਮਨਾਂ ਵਿਚ ਜੰਗਲ ਅਤੇ ਜੰਗਲੀ ਜੀਵਾਂ ਪ੍ਰਤੀ ਜਾਗਰੂਕਤਾ ਪੈਦਾ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਵਿਚ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਕੁਦਰਤ ਨਾਲ ਸਬੰਧਤ ਦਸਤਾਵੇਜ਼ੀ ਫ਼ਿਲਮ ਦਿਖਾਉਣ ਲਈ ਪ੍ਰਾਜੈਕਟਰ ਸਕਰੀਨ ਵੀ ਲਗਾਈ ਗਈ ਹੈ। ਇਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਕੇਵਲ ਇਕ ਸਾਲ ਵਿਚ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕ ਹਿੱਤ ਵਿਚ ਕਈ ਇਤਿਹਾਸਕ ਫ਼ੈਸਲੇ ਲਏ ਹਨ। ਉਨ੍ਹਾਂ ਕਿਹਾ ਕਿ ਕੇਵਲ ਇਕ ਸਾਲ ਵਿਚ ਪੰਜਾਬ ਸਰਕਾਰ ਨੇ ਸੂਬਾ ਵਾਸੀਆਂ ਨੂੰ 600 ਯੂਨਿਟ ਮੁਫ਼ਤ ਬਿਜਲੀ ਦਾ ਵਾਅਦਾ ਪੂਰਾ ਕੀਤਾ, 27 ਹਜ਼ਾਰ ਨਵੀਆਂ ਨੌਕਰੀਆਂ ਦਿੱਤੀਆਂ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾ ਰਹੇ ਹਨ ਅਤੇ ਹੁਣ ਤੰਕ 9 ਟੋਲ ਪਲਾਜ਼ਾ ਬੰਦ ਕਰਵਾਏ ਜਾ ਚੁੱਕੇ ਹਨ, ਜਿਸ ਦਾ ਸਿੱਧਾ-ਸਿੱਧਾ ਆਮ ਲੋਕਾਂ ਨੂੰ ਲਾਭ ਮਿਲਿਆ ਹੈ। ਇਸ ਦੌਰਾਨ ਜੰਗਲਾਤ ਮੰਤਰੀ ਨੇ ਵਣ ਚੇਤਨਾ ਪਾਰਕ ਬੱਸੀ ਪੁਰਾਣੀ ਵਿਖੇ ਰਿਲਾਇੰਸ ਇੰਡਸਟਰੀ ਵੱਲੋਂ ਭੇਟ ਕੀਤੀ ਗਈ ਗੋਲਫ ਕਾਰਟ ਦਾ ਵੀ ਲੋਕ ਅਰਪਣ ਕੀਤਾ ਅਤੇ ਸਾਰੇ ਪਤਵੰਤਿਆਂ ਨਾਲ ਉਸ ਦੀ ਸਵਾਰੀ ਕਰਕੇ ਵਣ ਚੇਤਨਾ ਪਾਰਕ ਦਾ ਜਾਇਜ਼ਾ ਲਿਆ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਐਸ. ਪੀ ਮਨਜੀਤ ਕੌਰ, ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ, ਆਮ ਆਦਮੀ ਪਾਰਟੀ ਦੇ ਲੋਕ ਸਭਾ ਇੰਚਾਰਜ ਹਰਵਿੰਦਰ ਸਿੰਘ ਬਖਸ਼ੀ, ਮੋਹਨ ਲਾਲ ਚਿੱਤੋਂ, ਸਤਵੰਤ ਸਿੰਘ ਸਿਆਣ ਤੋਂ ਇਲਾਵਾ ਹੋਰ ਸ਼ਖਸੀਅਤਾਂ ਹਾਜ਼ਰ ਸਨ।