ਹੁਸ਼ਿਆਰਪੁਰ: ਨੈਸ਼ਨਲ ਗੇਮਜ-2022 ਦੇ ਮੈਡਲ ਜੇਤੂ ਜ਼ਿਲ੍ਹੇ ਦੇ 2 ਖਿਡਾਰੀਆਂ ਨੂੰ ਮੁੱਖ ਮੰਤਰੀ ਨੇ 9 ਲੱਖ ਰੁਪਏ ਦੀ ਨਕਦ ਰਾਸ਼ੀ ਨਾਲ ਕੀਤਾ ਸਨਮਾਨਿਤ

  • ਜ਼ਿਲ੍ਹੇ ਦੇ ਖਿਡਾਰੀਆਂ ਨੇ ਬਾਸਕਿਟਬਾਲ ਤੇ ਜੂਡੋ ਦੀ ਖੇਡ ’ਚ ਹਾਸਲ ਕੀਤੇ ਚਾਂਦੀ ਦੇ ਮੈਡਲ

ਹੁਸ਼ਿਆਰਪੁਰ, 23 ਅਪ੍ਰੈਲ : ਸੂਬੇ ਅੰਦਰ ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵਲੋਂ ਰਾਸ਼ਟਰੀ ਖੇਡਾਂ ਵਿਚ ਮੈਡਲ ਜੇਤੂ ਖਿਡਾਰੀਆਂ ਨੂੰ ਨਕਦ ਪੁਰਸਕਾਰ ਦਿੱਤੇ ਜਾ ਰਹੇ ਹਨ। ਇਸ ਤਹਿਤ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿਚ ਹੋਈ ਨੈਸ਼ਨਲ ਗੇਮਜ਼-2022 ਵਿਚ ਮੈਡਲ ਪ੍ਰਾਪਤ ਕਰਨ ਵਾਲੇ ਸੂਬੇ ਦੇ 141 ਖਿਡਾਰੀਆਂ ਨੂੰ ਚੰਡੀਗੜ੍ਹ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ 5.43 ਕਰੋੜ ਰੁਪਏ ਦੀ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਨੈਸ਼ਨਲ ਗੇਮਜ਼ ਵਿਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਦੋ ਖਿਡਾਰੀਆਂ ਨੇ ਤਿੰਨ ਵੱਖ-ਵੱਖ ਖੇਡਾਂ ਵਿਚ ਮੈਡਲ ਹਾਸਲ ਕੀਤੇ ਹਨ। ਉਨ੍ਹਾਂ ਦੱਸਿਆ ਕਿ ਖਿਡਾਰੀ ਰਾਜਵੀਰ ਸਿੰਘ ਨੇ ਬਾਸਕਿਟਬਾਲ ਵਿਚ ਚਾਂਦੀ ਦਾ ਮੈਡਲ ਅਤੇ ਕੰਵਰਪ੍ਰੀਤ ਕੌਰ ਨੇ ਜੂਡੋ ਦੇ 75 ਕਿਲੋ ਭਾਰ ਵਰਗ ਅਤੇ ਮਿਕਸਡ ਟੀਮ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ। ਮੁੱਖ ਮੰਤਰੀ ਪੰਜਾਬ ਨੇ ਰਾਜਵੀਰ ਨੂੰ 3 ਲੱਖ ਰੁਪਏ, ਕੰਵਰਪ੍ਰੀਤ ਕੌਰ ਨੂੰ ਜੂਡੋ ਦੇ ਵੱਖ-ਵੱਖ ਵਰਗਾਂ ਵਿਚ ਚਾਂਦੀ ਤਗਮਾ ਹਾਸਲ ਕਰਨ ’ਤੇ 3-3 ਲੱਖ ਰੁਪਏ ਦੀ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਕੁੱਲ ਮਿਲਾ ਕੇ ਜ਼ਿਲ੍ਹੇ ਦੇ ਦੋ ਖਿਡਾਰੀਆਂ ਨੂੰ ਮੁੱਖ ਮੰਤਰੀ ਪੰਜਾਬ ਵਲੋਂ 9 ਲੱਖ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਘੋਸ਼ਣਾ ਕੀਤੀ ਕਿ ਇਨ੍ਹਾਂ ਵਿਜੇਤਾ ਖਿਡਾਰੀਆਂ ਨੂੰ ਅਗਲੀ ਰਾਸ਼ਟਰੀ ਪੱਧਰ ਦੀ ਖੇਡ ਦੀ ਤਿਆਰੀ ਲਈ ਹਰ ਮਹੀਨੇ 16 ਹਜ਼ਾਰ ਰੁਪਏ ਦਿੱਤੇ ਜਾਣਗੇ, ਤਾਂ ਜੋ ਉਹ ਹੋਰ ਵਧੀਆ ਢੰਗ ਨਾਲ ਆਪਣਾ ਅਭਿਆਸ ਜਾਰੀ ਰੱਖਣ ਅਤੇ ਅਗਲੀ ਹੋਣ ਵਾਲੀ ਰਾਸ਼ਟਰੀ ਪੱਧਰ ਵਾਲੀਆਂ ਖੇਡਾਂ ਵਿਚ ਵੱਧ ਤੋਂ ਵੱਧ ਤਗਮੇ ਹਾਸਲ ਕਰ ਸਕਣ।