ਸਿਹਤ ਤੇ ਸਿੱਖਿਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਤਰਜੀਹੀ ਖੇਤਰ : ਅਮਨ ਅਰੋੜਾ

  • ਕੈਬਨਿਟ ਮੰਤਰੀ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ’ਚ ਮੈਡੀਕਲ ਲੈਬ ਦੇ ਕੰਮਾਂ ’ਤੇ ਆਧਾਰਿਤ ਵਰਕਸ਼ਾਪ ਦਾ ਕੀਤਾ ਉਦਘਾਟਨ, ਐਸੋਸੀਏਸ਼ਨ ਨੂੰ ਜਾਇਜ਼ ਮੰਗਾਂ ਜਲਦ ਮੰਨਣ ਦਾ ਭਰੋਸਾ

ਫਗਵਾੜਾ, 24 ਜੂਨ 2024 : ਪੰਜਾਬ ਦੇ ਰੁਜ਼ਗਾਰ ਤੇ ਉੱਤਪਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਦੇ ਮੰਤਰੀ ਅਮਨ ਅਰੋੜਾ ਨੇ ਸਥਾਨਕ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਮੈਡੀਕਲ ਲੈਬਾਰਟਰੀਆਂ ਦੇ ਕੰਮਾਂ ਸਬੰਧੀ ਵਰਕਸ਼ਾਪ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਤਰਜੀਹੀ ਖੇਤਰਾਂ ਵਿਚ ਸਿਹਤ ਤੇ ਸਿੱਖਿਆ ਬਹੁਤ ਅਹਿਮ ਹਨ, ਜਿਨ੍ਹਾਂ ਵਿਚ ਹੋਰ ਸੁਧਾਰ ਅਤੇ ਮਜ਼ਬੂਤੀ ਲਈ ਲਗਾਤਾਰ ਯਤਨ ਜਾਰੀ ਹਨ। ਮੈਡੀਕਲ ਲੈਬਾਰਟਰੀਆਂ ਅਤੇ ਸਹਾਇਕ ਕਾਰਜਾਂ ’ਤੇ ਆਧਾਰਿਤ ਜੁਆਇੰਟ ਐਸੋਸੀਏਸ਼ਨ ਆਫ ਇੰਡੀਪੈਂਡੈਂਟ ਲੈਬਾਰਟਰੀ ਅਤੇ ਅਲਾਈਡ ਪ੍ਰੋਫੈਸ਼ਨਲਜ਼ ਸੰਸਥਾ (ਜੈ ਮਲਾਪ) ਵਲੋਂ ਕਰਵਾਈ ਵਰਕਸ਼ਾਪ ਦਾ ਉਦਘਾਟਨ ਕਰਨ ਉਪਰੰਤ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੌਜੂਦਾ ਯੁੱਗ ’ਚ ਮੈਡੀਕਲ ਲੈਬਾਰਟਰੀਆਂ ਦੀ ਸਿਹਤ ਸਹੂਲਤਾਂ ਦੇ ਖੇਤਰ ’ਚ ਭੂਮਿਕਾ ਅਤੇ ਯੋਗਦਾਨ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਕਿਸੇ ਵੀ ਸਰੀਰਕ ਸਮੱਸਿਆ ਦੇ ਇਲਾਜ਼ ਦੀ ਪਹਿਲੀ ਪੌੜੀ ਮੈਡੀਕਲ ਲੈਬਾਰਟਰੀਆਂ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਆਧੁਨਿਕ ਤਕਨੀਕਾਂ ਨਾਲ ਲੈਸ ਮੈਡੀਕਲ ਲੈਬਾਰਟਰੀਆਂ ਸਰੀਰਕ ਬਿਮਾਰੀਆਂ ਦੀ ਸ਼ਨਾਖਤ ਕਰਨ ਵਿਚ ਵੱਡਾ ਰੋਲ ਅਦਾ ਕਰਦੀਆਂ ਹਨ, ਜਿਨ੍ਹਾਂ ਦੇ ਆਧਾਰ ’ਤੇ ਮਾਹਰ ਡਾਕਟਰ ਇਲਾਜ਼ ਪ੍ਰਕਿਰਿਆ ਅਮਲ ਵਿਚ ਲਿਆਂਦੇ ਹਨ। ਉਨ੍ਹਾਂ ਕਿਹਾ ਕਿ ਜੈ ਮਲਾਪ ਸੰਸਥਾ ਵਲੋਂ ਕਰਵਾਈ ਵਰਕਸ਼ਾਪ ਨੇ ਲੈਬਾਰਟਰੀਆਂ ਵਲੋਂ ਸਮਾਜ ਵਿਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਹੈ ਜੋਕਿ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਸੰਸਥਾ ਵਲੋਂ ਲੰਬੇ ਸਮੇਂ ਤੋਂ ਰੱਖੀਆਂ ਜਾ ਰਹੀਆਂ ਜਾਇਜ਼ ਮੰਗਾਂ ਦੇ ਜਲਦ ਨਿਪਟਾਰੇ ਦਾ ਭਰੋਸਾ ਦਿੰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਸਿਹਤ ਸੇਵਾਵਾਂ ਦੇ ਇਸ ਮਹੱਤਵਪੂਰਨ ਖੇਤਰ ਵਿਚ ਲੋੜੀਂਦੇ ਸੁਧਾਰਾਂ ਦੇ ਨਾਲ-ਨਾਲ ਇਸਦੀ ਹੋਰ ਮਜ਼ਬੂਤੀ ਲਈ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੂਰਅੰਦੇਸ਼ ਅਤੇ ਹਾਂ ਪੱਖੀ ਸੋਚ ਨਾਲ ਕੰਮ ਕਰਦੀ ਹੋਈ ਲੋਕਾਂ ਨੂੰ ਹਰ ਖੇਤਰ ਵਿਚ ਆਸਾਨੀ ਨਾਲ ਸੇਵਾਵਾਂ ਪ੍ਰਦਾਨ ਕਰਕੇ ਸੁਖਾਲਾ ਜੀਵਨ ਬਤੀਤ ਕਰਨ ਨੂੰ ਯਕੀਨੀ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਅੰਦਰ ਕਈ ਲਾਮਿਸਾਲ ਫੈਸਲੇ ਲੈਂਦਿਆਂ ਪੰਜਾਬ ਦੀ ਬਿਹਤਰੀ ਲਈ ਮਹੱਤਵਪੂਰਨ ਕਦਮ ਚੁੱਕੇ ਹਨ ਤਾਂ ਜੋ ਰਾਜ ਅੰਦਰ ਹੋਰ ਖੁਸ਼ਹਾਲੀ ਅਤੇ ਤਰੱਕੀ ਲਿਆਂਦੀ ਜਾ ਸਕੇ। ਕੈਬਨਿਟ ਮੰਤਰੀ ਨੇ ਸੰਸਥਾ ਦੇ ਅਹੁਦੇਦਾਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਵਾਜਿਬ ਮੰਗਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜਲਦ ਤਰਜੀਹ ਦੇ ਆਧਾਰ ’ਤੇ ਵਿਚਾਰਿਆ ਜਾਵੇਗਾ। ਇਸ ਤੋਂ ਪਹਿਲਾਂ ਜੈ ਮਲਾਪ ਦੇ ਸੂਬਾ ਪ੍ਰਧਾਨ ਜਗਦੀਪ ਭਾਰਦਵਾਜ ਨੇ ਕੈਬਨਿਟ ਮੰਤਰੀ ਦਾ ਸਵਾਗਤ ਕਰਦਿਆਂ ਕਿਹਾ ਕਿ ਸੰਸਥਾ ਨੂੰ ਪੰਜਾਬ ਸਰਕਾਰ ਵਲੋਂ ਦਿੱਤੇ ਜਾ ਰਹੇ ਸਹਿਯੋਗ ਅਤੇ ਉਨ੍ਹਾਂ ਦੇ ਮਸਲੇ ਸੰਜੀਦਗੀ ਨਾਲ ਸੁਨਣ ਲਈ ਸੰਸਥਾ ਸੂਬਾ ਸਰਕਾਰ ਦੀ ਧੰਨਵਾਦੀ ਹੈ। ਇਸ ਮੌਕੇ ਰਾਸ਼ਟਰੀ ਅਤੇ ਸੂਬਾ ਜਨਰਲ ਸਕੱਤਰ ਰਾਜਨ ਬੈਕਟਰ, ਸੁਰਜੀਤ ਸਿੰਘ ਚੰਦੀ, ਡਾ. ਮੋਨਿਕਾ ਗੁਲਾਟੀ, ਡਾ. ਨਰੇਸ਼ ਕੁਮਾਰ, ਰੁਪਾਲੀ ਦੂਬੇ, ਡਾ. ਸੁਮਨਪ੍ਰੀਤ ਕੌਰ ਆਦਿ ਨੇ ਵੀ ਵਰਕਸ਼ਾਪ ਦੌਰਾਨ ਵੱਖ-ਵੱਖ ਪਹਿਲੂਆਂ ’ਤੇ ਆਪਣੇ ਵਿਚਾਰ ਰੱਖੇ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੰਸਥਾ ਦੇ ਕਿਤਾਬਚੇ ਦੀ ਵੀ ਘੁੰਡ ਚੁਕਾਈ ਕੀਤੀ।