ਨਵਾਂ ਸ਼ਹਿਰ : ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ ਨੇ ਅੱਜ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਦੇ 55ਵੇਂ ਪਿੜਾਈ ਸੀਜ਼ਨ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਗੰਨਾ ਉਤਪਾਦਕਾਂ ਦੀ ਬੇਹਤਰੀ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਕਿਸਾਨ ਪੱਖੀ ਨੇਕ-ਨੀਅਤੀ ਸਦਕਾ ਪੰਜਾਬ ’ਚ ਇਸ ਵਾਰ ਸੂਬੇ ’ਚ ਸਰਕਾਰੀ ਗੰਨਾ ਮਿੱਲਾਂ ਬਿਨਾਂ ਕਿਸਾਨਾਂ ਦਾ ਕੋਈ ਬਕਾਇਆ ਰੱਖਿਆਂ ਸ਼ੁਰੂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ’ਚ ਗੰਨਾ ਕਿਸਾਨਾਂ ਦੀ ਮੰਗ ਮੁਤਾਬਕ 380 ਰੁਪਏ ਪ੍ਰਤੀ ਕੁਇੰਟਲ ਦਾ ਭਾਅ ਅਤੇ ਮਿੱਲਾਂ ਦੇ ਸਮੇਂ ਸਿਰ ਸ਼ੁਰੂ ਹੋਣ ਨਾਲ ਗੰਨਾ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਬਲਾਚੌਰ ਹਲਕੇ ਤੋਂ ਵਿਧਾਇਕ ਸੰਤੋਸ਼ ਕਟਾਰੀਆ, ਨਵਾਂਸ਼ਹਿਰ ਹਲਕੇ ਤੋਂ ਵਿਧਾਇਕ ਡਾ. ਨਛੱਤਰ ਪਾਲ, ਆਪ ਦੇ ਨਵਾਂਸ਼ਹਿਰ ਤੋਂ ਸੀਨੀਅਰ ਆਗੂ ਲਲਿਤ ਮੋਹਨ ਪਾਠਕ, ਬੋਰਡ ਆਫ਼ ਡਾਇਰੈਕਟਰਜ਼ ਦੇ ਚੇਅਰਮੈਨ ਸੋਹਣ ਸਿੰਘ ਉੱਪਲ ਤੇ ਮਿੱਲ ਦੇ ਡਾਇਰੈਕਟਰਾਂ ਤੋਂ ਇਲਾਵਾ ਜਨਰਲ ਮੈਨੇਜਰ ਸੁਰਿੰਦਰ ਪਾਲ ਮੌਜੂਦ ਸਨ। ਸਹਿਕਾਰੀ ਖੰਡ ਮਿੱਲ ਦਾ ਸਾਲ 2022-23 ਦਾ ਪਿੜਾਈ ਸੀਜ਼ਨ ਸ਼ੁਰੂ ਕਰਨ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਮਿੱਲ ਦੇ ਜਨਰਲ ਮੈਨੇਜਰ ਸੁਰਿੰਦਰ ਪਾਲ ਨੇ ਇਸ ਮੌਕੇ ਹਾਜ਼ਰ ਪ੍ਰਮੁੱਖ ਸਖ਼ਸ਼ੀਅਤਾਂ ਨੂੰ ਜੀ ਆਇਆਂ ਆਖਦਿਆਂ ਦੱਸਿਆ ਕਿ ਇਸ ਵਾਰ ਮਿੱਲ ਕੋਲ 36 ਲੱਖ ਕੁਇੰਟਲ ਗੰਨਾ ਬੌਂਡ ਕੀਤਾ ਹੋਇਆ ਹੈ, ਜਿਸ ਵਿੱਚੋਂ 32 ਤੋਂ 33 ਲੱਖ ਕੁਇੰਟਲ ਮਿੱਲ ’ਚ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 29.66 ਲੱਖ ਕੁਇੰਟਲ ਗੰਨਾ ਪੀੜਿਆ ਗਿਆ ਸੀ, ਜਿਸ ਤੋਂ 2.91 ਲੱਖ ਕੁਇੰਟਲ ਖੰਡ ਦਾ ਉਤਪਾਦਨ ਹੋਇਆ ਸੀ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਵਾਰ ਵੀ ਮਿੱਲ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਗੰਨਾ ਕਿਸਾਨਾਂ ਦੀ ਪੂਰੀ ਬੌਂਡ ਕੀਤੀ ਫ਼ਸਲ ਨੂੰ ਪੀੜਨ ਲਈ ਵਚਨਬੱਧ ਹੈ।ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੌੜੀ, ਵਿਧਾਨਕਾਰਾਂ ਸੰਤੋਸ਼ ਕਟਾਰੀਆ ਤੇ ਡਾ. ਨਛੱਤਰਪਾਲ ਅਤੇ ਆਪ ਆਗੂ ਲਲਿਤ ਮੋਹਨ ਪਾਠਕ ਨੇ ਮਿੱਲ ਦੇ ਪਿੜਾਈ ਸੀਜ਼ਨ ਦੀ ਸਮੇਂ ਸਿਰ ਸ਼ੁਰੂਆਤ ਲਈ ਮਿੱਲ ਦੇ ਸਟਾਫ਼, ਬੋਰਡ ਆਫ਼ ਡਾਇਰੈਕਟਰਜ਼ ਅਤੇ ਗੰਨਾ ਕਿਸਾਨਾਂ ਨੂੰ ਵਧਾਈ ਦਿੱਤੀ ਕਿ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਵੱਲੋਂ, ਸੂਬੇ ਦੀਆਂ ਸਹਿਕਾਰੀ ਮਿੱਲਾਂ ’ਚੋਂ ਸਭ ਤੋਂ ਪਹਿਲਾਂ ਪਿੜਾਈ ਸੀਜ਼ਨ ਦੀ ਸ਼ੁਰੂਆਤ ਕੀਤੀ ਗਈ ਹੈ। ਪਿੜਾਈ ਸੀਜ਼ਨ ਦੀ ਸ਼ੁਰੂਆਤ ਮੌਕੇ ਮਿੱਲ ਦੇ ਕੰਡੇ ’ਤੇ ਗੰਨਾ ਲੈ ਕੇ ਆਉਣ ਵਾਲੇ ਪਹਿਲੇ ਤਿੰਨ ਜਿਮੀਂਦਾਰਾਂ ਜਸਵਿੰਦਰ ਸਿੰਘ ਡਘਾਮ, ਜਸਵੰਤ ਸਿੰਘ ਪਠਲਾਵਾ ਅਤੇ ਭੁਪਿੰਦਰ ਸਿੰਘ ਗੋਲੇਵਾਲ ਨੂੰ ਹਾਰ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ। ਉਪਰੰਤ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੌੜੀ, ਵਿਧਾਇਕਾ ਸੰਤੋਸ਼ ਕਟਾਰੀਆ, ਵਿਧਾਇਕ ਡਾ. ਨਛੱਤਰ ਪਾਲ, ਆਪ ਆਗੂ ਲਲਿਤ ਮੋਹਨ ਪਾਠਕ ਵੱਲੋਂ ਬਟਨ ਦਬਾ ਕੇ ਮਿੱਲ ਦੇ ਪਿੜਾਈ ਸੀਜ਼ਨ ਦੀ ਸ਼ੁਰੂਆਤ ਕੀਤੀ ਗਈ। ਮਿੱਲ ਦੇ ਜਨਰਲ ਮੈਨੇਜਰ ਵੱਲੋਂ ਗੰਨਾ ਉਤਪਾਦਕਾਂ ਨੂੰ ਅਪੀਲ ਕੀਤੀ ਗਈ ਕਿ ਇਹ ਗੰਨਾ ਮਿੱਲ ਇਲਾਕੇ ਦਾ ਸਾਂਝਾ ਅਦਾਰਾ ਹੋਣ ਕਾਰਨ, ਇਸ ਦੀ ਤਰੱਕੀ ਅਤੇ ਖੰਡ ਦੀ ਵਧੀਆ ਪੈਦਾਵਾਰ ਲਈ ਉਹ ਛਿੱਲਿਆ ਹੋਇਆ ਤਾਜਾ ਅਤੇ ਸਾਫ-ਸੁਥਰਾ ਗੰਨਾ 24 ਘੰਟੇ ਵਿੱਚ ਮਿੱਲ ਵਿੱਚ ਲਿਆਉਣ ਤਾਂ ਜੋ ਗੰਨੇ ਤੋਂ ਪੂਰੀ ਰਿਕਵਰੀ ਹਾਸਲ ਹੋ ਸਕੇ। ਉਨ੍ਹਾ ਦੱਸਿਆ ਕਿ ਮਿੱਲ ਵਿੱਚ ਲੱਗਿਆ ਹੋਇਆ ਕੋ-ਜੈਨਰੇਸ਼ਨ ਪਲਾਂਟ ਮਿਤੀ 21.11.2022 ਤੋਂ ਚਾਲੂ ਹੋ ਚੁੱਕਾ ਹੈ ਅਤੇ ‘ਬਿਜਲੀ ਐਕਸਪੋਰਟ’ ਕਰ ਰਿਹਾ ਹੈ। ਇਸ ਪਲਾਂਟ ਵੱਲੋਂ ਅੱਜ ਮਿੱਲ ਨੂੰ ਬਿਜਲੀ ਅਤੇ ਸਟੀਮ ਦੀ ਸਪਲਾਈ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਮਿੱਲ ਦੇ ਬੋਰਡ ਆਫ ਡਾਇਰੈਕਰਜ਼ ਦੇ ਮੈਂਬਰ ਹਰੀਪਾਲ ਸਿੰਘ ਜਾਡਲੀ, ਸ਼੍ਰੀਮਤੀ ਹਰਿੰਦਰ ਕੌਰ, ਸਰਤਾਜ ਸਿੰਘ, ਚਰਨਜੀਤ ਸਿੰਘ, ਮੋਹਿੰਦਰ ਸਿੰਘ ਲੰਗੜੋਆ, ਗੁਰਸੇਵਕ ਸਿੰਘ, ਕਸ਼ਮੀਰ ਸਿੰਘ, ਜਗਤਾਰ ਸਿੰਘ, ਬੀਬੀ ਸੁਰਿੰਦਰ ਕੌਰ, ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਹਰਪ੍ਰੀਤ ਸਿੰਘ ਅਤੇ ਆਡਿਟ ਅਫਸਰ ਨਰਿੰਦਰ ਸਿੰਘ ਆਦਿ ਹਾਜ਼ਰ ਸਨ।