ਜਲੰਧਰ ਤੋਂ ਸਾਬਕਾ ਵਿਧਾਇਕ ਰਿੰਕੂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ

ਫਗਵਾੜਾ, 5 ਅਪ੍ਰੈਲ : ਜਲੰਧਰ ਪੱਛਮੀ ਤੋਂ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।  ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਸ਼ਾਮ ਨੂੰ ਫਗਵਾੜਾ ਪਹੁੰਚ ਕੇ ਸੁਸ਼ੀਲ ਰਿੰਕੂ ਨੂੰ ਪਾਰਟੀ 'ਚ ਸ਼ਾਮਲ ਕੀਤਾ। ਜ਼ਿਕਰਯੋਗ ਹੈ ਕਿ ਸੁਸ਼ੀਲ ਕੁਮਾਰ ਰਿੰਕੂ ਦੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਦੀਆਂ ਚਰਚਾਵਾਂ ਵਿਚਾਲੇ ਕਾਂਗਰਸ ਨੇ ਆਪਣੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਨੂੰ ਅੱਜ ਹੀ ਬੁੱਧਵਾਰ ਦੀ ਦੁਪਹਿਰ ਵੇਲੇ ਪਾਰਟੀ 'ਚੋਂ ਕੱਢ ਦਿੱਤਾ ਸੀ। ਪੰਜਾਬ ਕਾਂਗਰਸ ਦੇ ਕੇਂਦਰੀ ਇੰਚਾਰਜ ਹਰੀਸ਼ ਚੌਧਰੀ ਨੇ ਰਿੰਕੂ ਨੂੰ ਪਾਰਟੀ 'ਚੋਂ ਕੱਢਣ ਦਾ ਹੁਕਮ ਜਾਰੀ ਕੀਤਾ ਸੀ ਅਤੇ ਆਪਣੇ ਪੱਤਰ 'ਚ ਰਿੰਕੂ 'ਤੇ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਸੀ। ਗੌਰਤਲਬ ਹੈ ਕਿ ਪਿਛਲੇ ਇੱਕ ਹਫਤੇ ਤੋਂ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਬਾਰੇ ਚਰਚਾ ਹੈ ਕਿ ਉਹ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਰਹੇ ਹਨ। ਸੁਸ਼ੀਲ ਰਿੰਕੂ ਦਾ ਕਾਂਗਰਸ ਛੱਡਣਾ ਪਾਰਟੀ ਲਈ ਵੱਡਾ ਝਟਕਾ ਸਾਬਤ ਹੋ ਸਕਦਾ ਹੈ ਅਤੇ ਲੋਕ ਸਭਾ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਹੀ ਸੁਸ਼ੀਲ ਰਿੰਕੂ ਨੂੰ ਕਾਂਗਰਸ ਦੇ ਖਿਲਾਫ ਮੈਦਾਨ 'ਚ ਉਤਾਰ ਸਕਦੀ ਹੈ। ਭਾਵੇਂ ਸੁਸ਼ੀਲ ਰਿੰਕੂ ਦੀ ਐਂਟਰੀ ਨਾਲ ਆਮ ਆਦਮੀ ਪਾਰਟੀ ਵਿੱਚ ਵੀ ਨਾਰਾਜ਼ਗੀ ਵਧ ਸਕਦੀ ਹੈ ਪਰ ਰਿੰਕੂ ਨੂੰ ਲੈ ਕੇ ਪਾਰਟੀ ਵਿੱਚ ਚੱਲ ਰਹੀ ਨਾਰਾਜ਼ਗੀ ਨੂੰ ਝੱਲਣ ਲਈ ‘ਆਪ’ ਹਾਈਕਮਾਂਡ ਵੀ ਤਿਆਰ ਹੈ।