ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ, ਭਗਵੰਤ ਮਾਨ ਨੇ ਕੀਤਾ ਸਵਾਗਤ

ਜਲੰਧਰ 10 ਅਪ੍ਰੈਲ : ਟਕਸਾਲੀ ਕਾਂਗਰਸੀ ਆਗੂ ਅਤੇ ਸਵ ਚੌਧਰੀ ਜਗਜੀਤ ਸਿੰਘ ਦੇ ਬੇਟੇ ਅਤੇ ਸਵ ਚੌਧਰੀ ਸੰਤੋਖ ਸਿੰਘ ਦੇ ਭਤੀਜੇ ਹਲਕਾ ਕਰਤਾਰਪੁਰ ਤੋਂ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਗਏ ਅਤੇ ਆਮ ਆਦਮੀ ਪਾਰਟੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਸ਼ਾਮਲ ਹੋ ਗਏ ਹਨ। ਗੌਰਤਲਬ ਹੈ ਕਿ ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਚੌਧਰੀ ਸਵ ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ ਦੇ ਭਤੀਜੇ ਹਨ ਅਤੇ 2017 ਵਿਚ ਕਰਤਾਰਪੁਰ ਦੇ ਵਿਧਾਇਕ ਰਹੇ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਰੈਲੀ ਦੌਰਾਨ ਉਨ੍ਹਾਂ ਨੂੰ 'ਆਪ' ਵਿਚ ਸ਼ਾਮਲ ਕਰਵਾਇਆ। ਇਸ ਮੌਕੇ ਸੁਰਿੰਦਰ ਸਿੰਘ ਚੌਧਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਵਿਚ ਜੁਆਇਨਿੰਗ ਕੀਤੀ ਹੈ। ਪੰਜਾਬ ਦਾ ਭਵਿੱਖ ਸਿਰਫ਼ ਭਗਵੰਤ ਮਾਨ ਦੇ ਹੱਥਾਂ ਵਿਚ ਹੈ। ਇੱਥੇ ਦੱਸ ਦਿੱਤਾ ਜਾਵੇ ਕਿ ਚੌਧਰੀ ਸੁਰਿੰਦਰ ਸਿੰਘ ਦੇ ਦਾਦਾ ਜੀ ਮਾਸਟਰ ਗੁਰਬੰਤਾ ਸਿੰਘ ਵੀ ਕਾਂਗਰਸ ਸਰਕਾਰ ਵੇਲੇ ਮੰਤਰੀ ਸਨ ਉਸ ਤੋਂ ਬਾਅਦ ਉਹਨਾਂ ਦੇ ਪਿਤਾ ਚੌਧਰੀ ਜਗਜੀਤ ਸਿੰਘ ਵੀ ਪੰਜ ਵਾਰ ਤੋਂ ਵੱਧ ਸਮਾਂ ਹਲਕਾ ਕਰਤਾਰਪੁਰ ਤੋਂ ਵਿਧਾਇਕ ਅਤੇ ਮੰਤਰੀ ਰਹੇ ਹਨ।