ਖੇਤਰੀ ਟਰਾਂਸਪੋਰਟ ਅਧਿਕਾਰੀ ਵਲੋਂ ਸਕੂਲੀ ਬੱਸਾਂ ਦੀ ਚੈਕਿੰਗ, ਨਿਯਮਾਂ ਦੀ ਉਲੰਘਨਾ ਵਾਲੇ ਵਾਹਨਾਂ ਦਾ ਚਲਾਨ

  • ਸਕੂਲ ਪ੍ਰਬੰਧਕਾਂ ਅਤੇ ਬੱਸ ਚਾਲਕਾਂ ਨੂੰ 10 ਦਿਨ ਤੱਕ ਸੇਫ ਸਕੂਲ ਵਾਹਨ ਪਾਲਿਸੀ ਮੁਤਾਬਿਕ ਮਾਪਦੰਡ ਪੂਰੇ ਕਰਨ ਦੇ ਨਿਰਦੇਸ਼
  • ਵਾਹਨਾਂ ‘ਚ ਪਾਈ ਲੋੜੀਂਦੇ ਮਾਪਦੰਡਾਂ ਦੀ ਕਮੀ

ਕਪੂਰਥਲਾ, 15 ਅਪ੍ਰੈਲ : ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਦੀਆਂ ਹਦਾਇਤਾਂ ’ਤੇ ਖੇਤਰੀ ਟਰਾਂਸਪੋਰਟ ਅਧਿਕਾਰੀ ਡਾ.ਇਰਵਿਨ ਕੌਰ ਨੇ ਅੱਜ ਵਿਸ਼ੇਸ਼ ਚੈਕਿੰਗ ਦੌਰਾਨ ਵੱਖ-ਵੱਖ ਸਕੂਲਾਂ ਦੀਆਂ ਬੱਸਾਂ ਚੈੱਕ ਕਰਦਿਆਂ ਸਮੂਹ ਸਕੂਲ ਪ੍ਰਬੰਧਕਾਂ ਅਤੇ ਬੱਸ ਚਾਲਕਾਂ ਨੂੰ ਹਦਾਇਤ ਕੀਤੀ ਕਿ ਸੇਫ ਸਕੂਲ ਵਾਹਨ ਪਾਲਿਸੀ ਮੁਤਾਬਿਕ ਸਾਰੀਆਂ ਸਕੂਲੀ ਬੱਸਾਂ ਨਿਰਧਾਰਿਤ ਮਾਪਦੰਡ ਪੂਰੇ ਕਰਦੀਆਂ ਹੋਣੀਆ ਚਾਹੀਦੀਆਂ ਹਨ। ਸਕੂਲੀ ਬੱਸਾਂ ਦੀ ਚੈਕਿੰਗ ਕਰਦਿਆਂ ਆਰ.ਟੀ.ਓ. ਡਾ.ਇਰਵਿਨ ਕੌਰ ਨੇ ਨਿਰਧਾਰਿਤ ਮਾਪਦੰਡ ਪੂਰੇ ਨਾ ਕਰਦੀਆਂ  ਬੱਸਾਂ ਦੇ ਮੌਕੇ ’ਤੇ ਚਲਾਨ ਵੀ ਕੀਤੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਪੈਂਦੇ ਸਕੂਲਾਂ ਦੀਆਂ ਮੈਨੇਜਮੈਂਟਾਂ ਅਤੇ ਬੱਸ ਚਾਲਕ ਆਉਂਦੇ 10 ਦਿਨਾਂ ਤੱਕ ਬੱਸਾਂ ਵਿਚ ਸੇਫ ਸਕੂਲ ਵਾਹਨ ਪਾਲਿਸੀ ਮੁਤਾਬਿਕ ਸਾਰੀਆਂ ਸ਼ਰਤਾਂ ਨੂੰ ਪੂਰੀਆਂ ਕਰ ਲੈਣ। ਉਨ੍ਹਾਂ ਕਿਹਾ ਕਿ ਇਸ ਸਮੇਂ ਉਪਰੰਤ ਚੈਕਿੰਗ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ ਅਤੇ ਸੇਫ ਸਕੂਲ ਵਾਹਨ ਨਿਯਮਾਂ ਦੀ ਉਲੰਘਨਾ ਕਰਨ ਵਾਲੇ ਵਾਹਨਾਂ ਖਿਲਾਫ਼ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਖੇਤਰੀ ਟਰਾਂਸਪੋਰਟ ਅਧਿਕਾਰੀ ਨੇ ਦੱਸਿਆ ਕਿ ਚੈਕਿੰਗ ਦੌਰਾਨ ਕਈ ਵਾਹਨਾਂ ਵਿਚ ਲੋੜੀਂਦੇ ਮਾਪਦੰਡਾਂ ਦੀ ਕਮੀ ਵੀ ਪਾਈ ਗਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਸਾਂ ਵਿਚ ਫਸਟ ਰੇਡ ਬਾਕਸ ਨਹੀਂ ਸਨ, ਕਈਆਂ ਵਿਚ ਕੰਡਕਟਰ ਤੇ ਅਟੈੰਡੈਂਟ ਹੀ ਨਹੀਂ ਸਨ। ਇਸੇ ਤਰ੍ਹਾਂ ਸਪੀਡ ਗਵਰਨਰ ਵੀ ਨਹੀ ਸਨ ਅਤੇ ਡਰਾਈਵਰ ਤੇ ਸਟਾਫ ਨੇ ਵਰਦੀ ਨਹੀਂ ਸੀ ਪਾਈ। ਉਨ੍ਹਾਂ ਨੇ ਡਰਾਈਵਰਾਂ ਨੂੰ ਹਦਾਇਤ ਕੀਤੀ ਕਿ ਉਹ ਨਿਰਧਾਰਤ ਰਫਤਾਰ ਤੋਂ ਵੱਧ ਸਪੀਡ ਵਿਚ ਵਾਹਨ ਨਾ ਚਲਾਉਣ।  ਜ਼ਿਕਰਯੋਗ ਹੈ ਕਿ ਬੀਤੇ ਦਿਨੀ ਹਰਿਆਣਾ ਦੇ ਮਹਿੰਦਰਗੜ੍ਹ ਵਿਖੇ ਸਕੂਲੀ ਬੱਚਿਆਂ ਦੀ ਬੱਸ ਦਰੱਖਤ ਵਿਚ ਵੱਜਣ ਉਪਰੰਤ ਛੇ ਬੱਚਿਆਂ ਦੀ ਮੌਤ ਹੋ ਗਈ ਸੀ। ਘਟਨਾ ਦੇ ਮੱਦੇਨਜ਼ਰ ਕਪੂਰਥਲਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਕੂਲੀ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਵਿਸ਼ੇਸ਼ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਸਾਰੇ ਸਕੂਲੀ ਵਾਹਨਾਂ ਵਿਚ ਸੁਰੱਖਿਆ ਨਿਯਮਾਂ ਦੀ ਪਾਲਨਾ ਨੂੰ ਯਕੀਨੀ ਬਣਾਇਆ ਜਾ ਸਕੇ।