ਕੈਬਨਿਟ ਮੰਤਰੀ ਜਿੰਪਾ ਨੇ ਹਾਦਸੇ ’ਚ ਜਖਮੀ ਨਵੀਨ ਨੂੰ ਦਿੱਤਾ ਇਕ ਲੱਖ ਰੁਪਏ ਦਾ ਚੈਕ

ਹੁਸ਼ਿਆਰਪੁਰ, 22 ਅਪ੍ਰੈਲ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਜਨਵਰੀ ਮਹੀਨੇ ’ਚ ਓਵਰਲੋਡ ਟਰਾਲੀ ਨਾਲ ਹੋਏ ਹਾਦਸੇ ਵਿਚ ਜ਼ਖਮੀ ਨਵੀਨ ਕੁਮਾਰ ਨੂੰ ਉਸ ਦੇ ਘਰ ਜਾ ਕੇ ਇਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ। ਉਨ੍ਹਾਂ ਕਿਹਾ ਕਿ ਨਵੀਨ ਕੁਮਾਰ ਨੂੰ ਕਿਸੇ ਹੋਰ ਸੋਸਾਇਟੀ ਦੇ ਸਹਿਯੋਗ ਨਾਲ ਇਕ ਲੱਖ ਰੁਪਏ ਦੀ ਹੋਰ ਆਰਥਿਕ ਮਦਦ ਜਲਦ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਕੌਂਸਲਰ ਪ੍ਰਦੀਪ ਕੁਮਾਰ ਬਿੱਟੂ, ਵਿਜੇ ਅਗਰਵਾਲ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਜਨਵਰੀ ਮਹੀਨੇ ਵਿਚ ਕਮੇਟੀ ਬਾਜ਼ਾਰ ਵਿਚ ਹਾਦਸੇ ਦੌਰਾਨ ਦੁਖਦ ਘਟਨਾ ਹੋ ਗਈ ਸੀ, ਜਿਸ ਵਿਚ ਨਵੀਨ ਕੁਮਾਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਨੇ 13 ਜਨਵਰੀ ਨੂੰ ਘਟਨਾ ਵਾਲੀ ਥਾਂ ਦਾ ਦੌਰਾ ਕਰਕੇ ਪਰਿਵਾਰ ਨੂੰ ਦੋ ਲੱਖ ਰੁਪਏ ਆਰਥਿਕ ਮਦਦ ਦਾ ਭਰੋਸਾ ਦਿਵਾਇਆ ਸੀ, ਜਿਸ ਵਿਚੋਂ ਇਕ ਲੱਖ ਰੁਪਏ ਦਾ ਚੈਕ ਅੱਜ ਸੌਂਪ ਦਿੱਤਾ ਗਿਆ ਹੈ ਅਤੇ ਕੁਝ ਦਿਨਾਂ ਵਿਚ ਇਕ ਲੱਖ ਰੁਪਏ ਆਰਥਿਕ ਮਦਦ ਵਜੋਂ ਨਵੀਨ ਕੁਮਾਰ ਨੂੰ ਸੌਂਪ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਵੀਨ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ, ਤਾਂ ਜੋ ਉਸ ਨੂੰ ਆਰਥਿਕ ਤੌਰ ’ਤੇ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਜ਼ਿਲ੍ਹਾ ਪੁਲਿਸ ਨੂੰ ਨਿਰਦੇਸ਼ ਵੀ ਦਿੱਤੇ ਗਏ ਹਨ ਕਿ ਉਹ ਇਹ ਯਕੀਨੀ ਬਣਾਉਣ ਕਿ ਓਵਰਲੋਡ ਵਾਹਨ ਸੜਕਾਂ ’ਤੇ ਨਾ ਦੋੜਨ ਅਤੇ ਵਿਸ਼ੇਸ਼ ਕਰਕੇ ਇਸ ਤਰ੍ਹਾਂ ਦੇ ਵਾਹਨ ਬਾਜ਼ਾਰਾਂ ਵਿਚ ਤਾਂ ਬਿਲਕੁੱਲ ਨਾ ਆਉਣ।