ਕੈਬਨਿਟ ਮੰਤਰੀ ਧਾਲੀਵਾਲ ਤੇ ਲਾਲਜੀਤ ਭੁੱਲਰ ਮੰਡ ਇਲਾਕੇ ਵਿੱਚ ਬਣੇ ਪੁੱਲ ਦਾ 20 ਫਰਵਰੀ ਨੂੰ ਕਰਨਗੇ ਉਦਘਾਟਨ 

  • 19 ਕਿਲੋਮੀਟਰ ਦਾ ਪੈਂਡਾ 5 ਕਿਲੋਮੀਟਰ ਵਿਚ ਹੋਵੇਗਾ ਤੈਅ : ਸੰਤ ਸੀਚੇਵਾਲ

ਸੁਲਤਾਨੁਪੁਰ ਲੋਧੀ, 19 ਫਰਵਰੀ : ਪਵਿੱਤਰ ਕਾਲੀ ਵੇਈਂ ਤੇ ਪਿੰਡ ਫਤਿਹਵਾਲ ਮੰਡ ਇਲਾਕੇ ਵਿਚ ਰੱਖੇ ਗਏ ਪੁੱਲ ਦਾ ਰਸਮੀ ਉਦਘਾਟਨ 20 ਫਰਵਰੀ ਨੂੰ ਬਾਅਦ ਦੁਪਹਿਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਲਾਲਜੀਤ ਸਿੰਘ ਭੁੱਲਰ ਵੱਲੋਂ ਕੀਤਾ ਜਾਵੇਗਾ। ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਮੰਡ ਇਲਾਕੇ ਵਿਚ ਹਜ਼ਾਰਾਂ ਏਕੜਾਂ ਵਿਚ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ। ਉਹਨਾਂ ਦੱਸਿਆ ਕਿ ਇਹ ਪੁੱਲ ਬਣਨ ਨਾਲ ਇਲਾਕੇ ਲੋਕਾਂ ਦਾ ਪੈਂਡਾ 19 ਕਿਲੋਮੀਟਰ ਤੋਂ ਘੱਟ ਕੇ 5 ਕਿਲੋਮੀਟਰ ਰਹਿ ਜਾਵੇਗਾ। ਇਹ ਪੁੱਲ ਮੰਡ ਇਲਾਕੇ ਨੂੰ ਇਤਿਹਾਸਿਕ ਗੁਰੂਘਰ ਭਰੋਆਣਾ ਸਾਹਿਬ ਨਾਲ ਜੋੜੇਗਾ। ਸੰਤ ਸੁਖਜੀਤ ਸਿੰਘ ਦੀ ਨਿਗਰਾਨੀ ਹੇਠ ਸਾਲ ਭਰ ਵਿਚ ਤਿਆਰ ਹੋਏ ਇਸ ਪੁੱਲ ਦੇ ਚਾਲੂ ਹੋਣ ਨਾਲ ਇਸ ਇਲਾਕੇ ਦੀ ਤਕਦੀਰ ਤੇ ਤਸਵੀਰ ਬਦਲ ਜਾਵੇਗੀ। ਜਾਣਕਾਰੀ ਦਿੰਦਿਆ ਸੰਤ ਸੁਖਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਇਸ ਪੁੱਲ ਨੂੰ ਬਣਾਉਣ ਲਈ ਲਗਭਗ 25 ਲੱਖ ਦੀ ਮਾਲੀ ਮਦਦ ਕੀਤੀ ਗਈ ਜਦਕਿ 10 ਲੱਖ ਰੁਪਏ ਇਲਾਕੇ ਦੀਆਂ ਸੰਗਤਾਂ ਨੇ ਵੱਲੋਂ ਖਰਚ ਕੀਤਾ ਗਿਆ। ਪਵਿੱਤਰ ਕਾਲੀ ਵੇਈਂ ਦੇ ਉੱਪਰ ਰੱਖੇ ਗਏ ਪੁੱਲ ਦੀ ਤਕਨੀਕੀ ਦੇਖ ਰੇਖ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ। ਇਸ ਪੁੱਲ ਦੀ ਲੰਬਾਈ ਲਗਭਗ 142 ਫੁੱਟ, ਉਚਾਈ 9 ਫੁੱਟ ਅਤੇ ਚੌੜਾਈ 6 ਫੁੱਟ ਦੇ ਕਰੀਬ ਹੈ।