ਭਾਜਪਾ ਪੰਜਾਬ ਅਤੇ ਹਿਮਾਚਲ ਵਿੱਚ ਦਰਾਰ ਪੈਦਾ ਕਰਨਾ ਚਾਹੁੰਦੀ ਹੈ ਅਤੇ ਆਪਸੀ ਸਬੰਧਾਂ ਨੂੰ ਵੀ ਵਿਗਾੜਨਾ ਚਾਹੁੰਦੀ ਹੈ : ਚਰਨਜੀਤ ਸਿੰਘ ਚੰਨੀ

ਜਲੰਧਰ, 23 ਜੂਨ 2024 : ਜਲੰਧਰ ਵਿੱਚ ਹੋ ਰਹੀ ਜ਼ਿਮਨੀ ਚੋਣ ਨੂੰ ਲੈ ਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਆਪਣੀਆਂ ਸਰਗਰਮੀਆਂ ਤੇਜ ਕੀਤੀਆਂ ਹੋਈਆਂ ਹਨ, ਇਸੇ ਤਹਿਤ ਅੱਜ ਜਲੰਧਰ ਵਿੱਚ ਆਮ ਆਦਮੀ ਪਾਰਟੀ ਅਤੇ ਭਾਜਪਾ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਕਈ ਆਗੂ ਪਾਰਲੀਮੈਂਟ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ। ਇਸ ਮੌਕੇ ਐਮ.ਪੀ ਚੰਨੀ ਨੇ ਸਾਰੇ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਕੇ ਉਹਨਾਂ ਦਾ ਸਵਾਗਤ ਕੀਤਾ। ਕਾਂਗਰਸ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਹਲਕਾ ਪੱਛਮੀ ਨਾਲ ਸਬੰਧਿਤ ਹਨ, ਜੋ ਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਵਿੱਚ ਕਈ ਅਹੁਦੇ ਤੇ ਰਹੇ ਹਨ। ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਭਾਜਪਾ ਪੰਜਾਬ ਅਤੇ ਹਿਮਾਚਲ ਵਿੱਚ ਦਰਾਰ ਪੈਦਾ ਕਰਨਾ ਚਾਹੁੰਦੀ ਹੈ ਅਤੇ ਆਪਸੀ ਸਬੰਧਾਂ ਨੂੰ ਵੀ ਵਿਗਾੜਨਾ ਚਾਹੁੰਦੀ ਹੈ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਭਗਵੰਤ ਸਿੰਘ ਮਾਨ ਦੀ ਕੁਰਸੀ ਖ਼ਤਰੇ ਵਿੱਚ ਹੈ। ਮੁੱਖ ਮੰਤਰੀ ਭਗਵੰਤ ਸਿੰਘ ਨੂੰ ਜਲੰਧਰ ਦੀ ਬਜਾਏ ਆਪਣੀ ਕੁਰਸੀ ਬਚਾਉਣੀ ਚਾਹੀਦੀ ਹੈ ਕਿਉਂਕਿ ਇਸ ਸਮੇਂ ਉਨ੍ਹਾਂ ਦੀ ਕੁਰਸੀ ਨੂੰ ਖਤਰਾ ਹੈ। ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਬਣਾਏ ਗਏ ਮਹਿੰਦਰ ਭਗਤ ਨੇ ਪਾਰਟੀ ਬਦਲੀ ਹੈ। ਜਦੋਂ ਭਗਤ ‘ਆਪ’ ‘ਚ ਸ਼ਾਮਲ ਹੋਏ ਤਾਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਭਾਜਪਾ ਨੂੰ ਨਾ ਛੱਡਣ, ਪਰ ਉਹਨਾਂ ਨੇ ਕੋਈ ਗੱਲ ਨਹੀਂ ਮੰਨੀ। ਚੰਨੀ ਨੇ ਕਿਹਾ ਕਿ ਸੁਰਿੰਦਰ ਕੌਰ ਨੇ ਲੋਕਾਂ ਲਈ ਇੰਨੇ ਕੰਮ ਕੀਤੇ ਹਨ ਕਿ ਅੱਜ ਤੱਕ ਉਹ ਆਪਣੇ ਇਲਾਕੇ ਵਿੱਚ ਕਦੇ ਨਹੀਂ ਹਾਰੀ, ਇਸ ਲਈ ਹੁਣ ਵੀ ਲੋਕ ਕਾਂਗਰਸ ਨੂੰ ਹੀ ਵੋਟ ਪਾਓਣਗੇ। ਪੰਜਾਬ-ਹਿਮਾਚਲ ਵਿੱਚ ਵੱਧ ਰਹੇ ਟਕਰਾਅ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਦਾ ਹਿਮਾਚਲ ਨਾਲ ਸਦੀਆਂ ਪੁਰਾਣਾ ਰਿਸ਼ਤਾ ਹੈ ਅਤੇ ਇੱਕ ਦੂਜੇ ਨਾਲ ਚੰਗਾ ਕਾਰੋਬਾਰ ਚੱਲ ਰਿਹਾ ਹੈ, ਪਰ ਆਪਣੇ ਮਨਸੂਬਿਆਂ ਨੂੰ ਹਾਸਿਲ ਕਰਨ ਲਈ ਭਾਜਪਾ ਪੰਜਾਬ ਅਤੇ ਹਿਮਾਚਲ ਦੇ ਲੋਕਾਂ ਵਿੱਚ ਤਾਲਮੇਲ ਵਿਗਾੜਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਲੋਕ ਰਾਜਨੀਤੀ ਕਰਦੇ ਹਨ ਅਤੇ ਅਸੀਂ ਇਨ੍ਹਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ ਅਤੇ ਆਪਸੀ ਟਕਰਾਅ ਨਹੀਂ ਹੋਣ ਦੇਵਾਂਗੇ। ਪੰਜਾਬ ਨੇ ਸਦੀਆਂ ਤੋਂ ਹਿਮਾਚਲ ਨੂੰ ਪਿਆਰ ਕੀਤਾ ਹੈ ਅਤੇ ਅਸੀਂ ਇਕੱਠੇ ਹਾਂ ਅਤੇ ਰਹਾਂਗੇ। ਹਿਮਾਚਲ ਇੱਕ ਚੰਗੀ ਜਗ੍ਹਾ ਹੈ ਅਤੇ ਲੋਕ ਉੱਥੇ ਸੈਰ ਕਰਨ ਜਾਂਦੇ ਹਨ ਅਤੇ ਮੈਂ ਹਿਮਾਚਲ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਸੀ, ਉਨ੍ਹਾਂ ਨੇ ਇਸ ਮਾਮਲੇ ਵਿੱਚ ਕਾਫੀ ਕਾਰਵਾਈ ਕੀਤੀ ਹੈ।