ਪੰਜਾਬ ਵਿਜੀਲੈਸ ਬਿਉਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਫਾਜ਼ਿਲਕਾ ਵਿਖੇ ਤਾਇਨਾਤ ਕਲਰਕ ਸੁਖਵਿੰਦਰ ਸਿੰਘ ਖਿਲਾਫ਼ 2,000 ਰੁਪਏ ਰਿਸ਼ਵਤ ਹਾਸਲ ਕਰਨ ਦੇ ਦੋਸ਼ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਅੰਕੁਰ ਗੋਇਲ ਵਾਸੀ ਨਵੀਂ ਅਬਾਦੀ ਅਬੋਹਰ, ਜਿਲਾ ਫ਼ਾਜ਼ਿਲਕਾ ਦਾ ਰਹਿਣ ਵਾਲਾ ਹੈ। ਉਸ ਵੱਲੋਂ ਐਂਟੀ ਕੁਰੱਪਸ਼ਨ ਹੈਲਪਲਾਈਨ ਉਪਰ ਦਰਜ ਕਰਵਾਈ ਸ਼ਿਕਾਇਤ ਦੇ ਅਧਾਰ ’ਤੇ ਤਿਆਰ ਪੜਤਾਲੀਆ ਰਿਪੋਰਟ ਉਪਰੰਤ ਮੁਲਜ਼ਮ ਸੁਖਵਿੰਦਰ ਸਿੰਘ ਖਿਲਾਫ਼ ਭਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਜੁਰਮ ਅ/ਧ 7 ਤਹਿਤ ਵਿਜੀਲੈਸ ਬਿਉਰੋ ਦੇ ਥਾਣਾ ਫ਼ਿਰੋਜ਼ਪੁਰ ਵਿਖੇ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ।
ਕੇਸ ਦੇ ਵੇਰਵੇ ਦਿੰਦਿਆਂ ਉਨਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਆਨਲਾਈਨ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਸਦੀ ਦਾਦੀ ਸ਼ਕੁੰਤਲਾ ਦੇਵੀ ਸਿੱਖਿਆ ਵਿਭਾਗ ਵਿੱਚੋਂ ਸੇਵਾਦਾਰਨੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਈ ਸੀ ਅਤੇ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਮਹਿਕਮੇ ਵੱਲੋਂ ਉਸ ਦੀ ਪੈਨਸ਼ਨ ਅਜੇ ਤੱਕ ਨਹੀਂ ਲਗਾਈ ਗਈ। ਇਸ ਸਬੰਧੀ ਉਕਤ ਸੁਖਵਿੰਦਰ ਸਿੰਘ ਕਲਰਕ ਨੇ ਪੈਨਸ਼ਨ ਲਾਉਣ ਸਬੰਧੀ ਐਲ.ਏ. ਅਤੇ ਡਿਪਟੀ ਡੀ.ਓ. ਦੇ ਨਾਮ ਉਪਰ 2,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਜਿਸ ਪਿੱਛੋਂ ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਇਹ ਰਾਸ਼ੀ ਉਕਤ ਮੁਲਜ਼ਮ ਦੇ ਮੋਬਾਇਲ ਨੰਬਰ ਉਪਰ ਗੂਗਲ ਪੇਅ ਕਰ ਦਿੱਤੀ ਅਤੇ ਫੋਨ ਉਪਰ ਹੋਈ ਸਾਰੀ ਗੱਲਬਾਤ ਰਿਕਾਰਡ ਕਰ ਲਈ। ਇਸ ਉਪਰੰਤ ਵਿਜੀਲੈਸ ਬਿਉਰੋ ਨੇ ਸ਼ਿਕਾਇਤ ਦੇ ਅਧਾਰ ’ਤੇ ਪੜਤਾਲੀਆ ਰਿਪੋਰਟ ਤਿਆਰ ਕਰਕੇ ਇਹ ਮੁਕੱਦਮਾ ਦਰਜ ਕੀਤਾ ਹੈ।