ਅਕਾਲੀ ਆਗੂ ਨੇ ਚਲਾਨ ਕਰਨ ’ਤੇ ਥਾਣੇ ’ਚ ਕੀਤਾ ਹੰਗਾਮਾ, ਪੁਲਿਸ ਨੇ ਕੀਤਾ ਮੁਕੱਦਮਾ ਦਰਜ


ਲੁਧਿਆਣਾ : ਸਥਾਨਕ ਸਰਾਭਾ ਨਗਰ ਵਿੱਚ ਦੇਰ ਰਾਤ ਨੋ- ਪਾਰਕਿੰਗ ਦਾ ਚਲਾਨ ਕੱਟਣ ਉਪਰੰਤ ਭੜਕੇ ਲੁਧਿਆਣਾ ਦੇ ਅਕਾਲੀ ਆਗੂ ਵਿਪਨ ਸੂਦ ਕਾਕਾ ਨੇ ਪਹਿਲਾਂ ਪੁਲਸ ਅਧਿਕਾਰੀ ਨਾਲ ਬਹਿਸ ਕੀਤੀ ਅਤੇ ਬਾਅਦ ਵਿੱਚ ਆਪਣੇ 40-50 ਸਾਥੀਆਂ ਨਾਲ ਥਾਣਾ ਡਵੀਜ਼ਨ ਨੰਬਰ 5 ਦੇ ਬਾਹਰ ਹੰਗਾਮਾ ਕੀਤਾ ਅਤੇ ਆਪਣੇ ਸਾਥੀਆਂ ਨਾਲ ਮਿਲ ਕੇ ਕੀਤੀ ਪੱਥਰਾਬਾਜ਼ੀ ਵੀ ਕੀਤੀ, ਜਿਸ ਨਾਲ ਥਾਣੇ ਦੇ ਅੰਦਰ ਲੱਗੇ ਹੋਏ ਸ਼ੀਸ਼ੇ ਟੁੱਟ ਗਏ। ਇਸ ਘਟਨਾਂ ਤੋਂ ਪੁਲਿਸ ਵੱਲੋਂ ਅਕਾਲੀ ਆਗੂ ਸਮੇਤ ਹੋਰਨਾਂ 50 ਦੇ ਕਰੀਬ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਅਕਾਲੀ ਆਗੂ ਸਮੇਤ ਛੇ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
           ਏਸੀਪੀ ਸਿਵਲ ਲਾਈਨ ਹਰੀਸ਼ ਬਹਿਲ ਨੇ ਦੱਸਿਆ ਕਿ ਕੱਲ ਰਾਤ ਐਸਐਚਓ ਥਾਣਾ ਡਵੀਜ਼ਨ ਨੰਬਰ 5 ਜਸਵਿੰਦਰ ਸਿੰਘ ਵਲੋਂ ਨੋ-ਪਾਰਕਿੰਗ ਵਿੱਚ ਖੜੀਆਂ ਗੱਡੀਆਂ ਦੇ ਚਲਾਨ ਕੱਟੇ ਗਏ। ਜਿਸ ਵਿੱਚ ਇੱਕ ਵਿਪਨ ਸੂਦ ਕਾਕਾ ਦੀ ਗੱਡੀ ਸੀ, ਚਲਾਨ ਕੱਟਣ ਤੋਂ ਬਾਅਦ ਕਾਕਾ ਸੂਦ ਪੁਲਿਸ ਅਧਿਕਾਰੀ ਨਾਲ ਬਹਿਸਣ ਲੱਗੇ ਤਾਂ ਉਨ੍ਹਾਂ ਨੇ ਥਾਣੇ ਆ ਕੇ ਗੱਲਬਾਤ ਕਰਨ ਲਈ ਕਿਹਾ, ਜਿੱਥੇ ਕਾਕਾ ਸੂਦ ਆਪਣੇ 50 ਦੇ ਕਰੀਬ ਸਾਥੀਆਂ ਨਾਲ ਥਾਣੇ ਪਹੁੰਚੇ ਅਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਥਾਣੇ ਉੱਪਰ ਪੱਥਰਾਬਾਜ਼ੀ ਵੀ ਕੀਤੀ ਗਈ, ਜਿਸ ਨੂੰ ਲੈ ਕੇ ਕਾਕਾ ਸੂਦ ਸਮੇਤ 50 ਦੇ ਕਰੀਬ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਾਕਾ ਸੂਦ ਅਤੇ 6 ਹੋਰਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ।