ਚੰਡੀਗੜ੍ਹ, 16 ਸਤੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਝਿੰਜਰ ਤੇ ਐਸ ਓ ਆਈ ਦੇ ਆਗੂਆਂ ਨੂੰ ਹਦਾਇਤ ਕੀਤੀ ਕਿ ਉਹ ਮੰਡੀ ਗੋਬਿੰਦਗੜ੍ਹ ਵਿਚ ਦੇਸ਼ ਭਗਤ ਨਰਸਿੰਗ ਇੰਸਟੀਚਿਊਟ ਵੱਲੋਂ ਉਹਨਾਂ ਨਾਲ ਕੀਤੇ ਧੋਖੇ ਖਿਲਾਫ ਰੋਸ ਪ੍ਰਦਰਸ਼ਨ ਕਰ ਨਿਆਂ ਮੰਗ ਰਹੀਆਂ ਨਰਸਾਂ ਦੀ ਹਮਾਇਤ ਕਰਨ। ਰੋਸ ਪ੍ਰਗਟਾ ਰਹੀਆਂ ਨਰਸਾਂ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਸਰਦਾਰ ਬਾਦਲ ਨੇ ਐਲਾਨ ਕੀਤਾ ਕਿ ਜੇਕਰ ਸੂਬਾ ਪੁਲਿਸ ਨੇ ਮਾਮਲੇ ਵਿਚ ਕੋਈ ਕਾਰਵਾਈ ਨਾ ਕੀਤੀ ਤਾਂ ਅਕਾਲੀ ਦਲ ਪੀੜਤ ਕੁੜੀਆਂ ਨੂੰ ਇਹ ਮਾਮਲਾ ਹਾਈ ਕੋਰਟ ਲਿਜਾ ਕੇ ਨਿਆਂ ਹਾਸਲ ਕਰਨ ਵਿਚ ਮਦਦ ਕਰੇਗਾ। ਸਰਦਾਰ ਬਾਦਲ ਨੇ ਸਰਦਾਰ ਸਰਬਜੀਤ ਸਿੰਘ ਝਿੰਜਰ ਨੂੰ ਆਖਿਆ ਕਿ ਉਹ ਨਰਸਾਂ ਦੀ ਸ਼ਿਕਾਇਤ ਤਿਆਰ ਕਰਨ ਵਿਚ ਮਦਦ ਕਰਨ ਤੇ ਸ਼ਿਕਾਇਤ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਦੇਸ਼ ਭਗਤ ਨਰਸਿੰਗ ਇੰਸਟੀਚਿਊਟ ਦੀ ਮੈਨੇਜਮੈਂਟ ਖਿਲਾਫ ਢੁਕਵੀਂ ਕਾਰਵਾਈ ਕੀਤੀ ਜਾ ਸਕੇ। ਨਰਸਾਂ ਨੇ ਸਰਦਾਰ ਬਾਦਲ ਨੂੰ ਦੱਸਿਆ ਕਿ ਸੰਸਥਾ ਨੂੰ 60 ਸੀਟਾਂ ਅਲਾਟ ਹਨ ਪਰ ਇਸ ਵੱਲੋਂ ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ, ਬਿਹਾਰ ਤੇ ਹੋਰ ਰਾਜਾਂ ਤੋਂ 150 ਲੜਕੀਆਂ ਭਰਤੀ ਕਰ ਲਈਆਂ ਗਈਆਂ। ਉਹਨਾਂ ਦੱਸਿਆ ਕਿ ਹੁਣ ਜਦੋਂ ਡਿਗਰੀ ਪੂਰੀ ਹੋ ਗਈ ਹੈ ਤਾਂ ਉਹਨਾਂ ਨੂੰ ਪਤਾ ਲੱਗਾ ਹੈ ਕਿ ਸੰਸਥਾ ਵੱਲੋਂ ਮਾਨਤਾ ਮਿਲਣ ਬਾਰੇ ਜੋ ਦਸਤਾਵੇਜ਼ ਵਿਖਾਏ ਗਏ ਸਨ, ਉਹ ਨਕਲੀ ਸਨ ਤੇ ਸੰਸਥਾ ਨੇ ਉਹਨਾਂ ਨਾਲ ਧੋਖਾ ਕੀਤਾ ਹੈ।