ਚੰਡੀਗੜ੍ਹ, 11 ਜੂਨ : ਚੰਡੀਗੜ੍ਹ ‘ਚ ਸੈਕਟਰ-17 ਦੇ ਬੱਸ ਸਟੈਂਡ ਦੇ ਪਿੱਛੇ ਇਕ ਪ੍ਰਾਈਵੇਟ ਕੰਪਨੀ ਦੇ ਟਾਵਰ ‘ਤੇ ਇਕ ਨੌਜਵਾਨ ਚੜ੍ਹ ਗਿਆ। ਪੁਲਸ ਨੂੰ ਜਿਵੇਂ ਹੀ ਪਤਾ ਲੱਗਾ ਕਿ ਨੌਜਵਾਨ 50 ਫੁੱਟ ਉੱਚੇ ਟਾਵਰ ‘ਤੇ ਚੜ੍ਹ ਗਿਆ ਹੈ ਤਾਂ ਮੌਕੇ ‘ਤੇ ਪਹੁੰਚ ਗਈ। ਪੁਲਸ ਨੂੰ ਦੇਖ ਕੇ ਨੌਜਵਾਨ ਨੇ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਉਸ ਨੂੰ ਹੇਠਾਂ ਲਿਆਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਛਾਲ ਮਾਰ ਦੇਵੇਗਾ। ਜਿਸ ਤੋਂ ਬਾਅਦ ਪੁਲਿਸ ਡਰੋਨ ਰਾਹੀਂ ਨੌਜਵਾਨਾਂ ‘ਤੇ ਨਜ਼ਰ ਰੱਖ ਰਹੀ ਹੈ। ਨੌਜਵਾਨ ਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣਾ ਚਾਹੁੰਦਾ ਹੈ। ਫਿਲਹਾਲ ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਅਤੇ ਐਂਬੂਲੈਂਸ ਬੁਲਾ ਲਈ ਹੈ। ਨੌਜਵਾਨ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਵਿਕਰਮ ਢਿੱਲੋਂ ਨਾਮ ਦਾ ਇਹ ਨੌਜਵਾਨ ਹਰਿਆਣਾ ਦੇ ਜੀਂਦ ਦਾ ਰਹਿਣ ਵਾਲਾ ਹੈ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਉਸ ਦਾ ਪੰਜਾਬ ਦੇ ਮਾਨਸਾ ‘ਚ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ।