ਚੰਡੀਗੜ੍ਹ, 1 ਜਨਵਰੀ : ਗਲੋਬਲ ਮਾਨਵਤਾਵਾਦੀ ਸਹਾਇਤਾ ਸੰਸਥਾ-ਯੂਨਾਈਟਿਡ ਸਿੱਖਸ ਨੇ ਆਪਣੇ ਮਿਸ਼ਨ ਨੂੰ ਨਵੇਂ ਸਾਲ ਵਿੱਚ ਜਾਰੀ ਰੱਖਣ ਲਈ ਲੋਕਾਂ ਨੂੰ ਹਰ ਸੰਭਵ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਯੂਨਾਈਟਿਡ ਸਿੱਖਜ਼ ਹਿਊਮੈਨਟੇਰੀਅਨ ਏਡ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਕਹਿੰਦੇ ਹਨ ਕਿ ਅਸੀਂ ਆਪਣੇ ਮਿਸ਼ਨ ਤੇ ਵਿਜ਼ਨ ਲਈ ਲੋਕਾਂ ਦੇ ਪਿਆਰ ਤੇ ਸਮਰਥਨ ਤੋਂ ਪ੍ਰਭਾਵਿਤ ਹਾਂ। ਇਹੀ ਕਾਰਨ ਹੈ ਕਿ ਅਸੀਂ 5 ਮਹਾਂਦੀਪਾਂ ਵਿੱਚ ਲੋਕਾਂ ਦੀ ਮਦਦ ਕਰਨ ਦੇ ਯੋਗ ਹੋਏ ਹਾਂ। ਪੂਰੇ ਸਾਲ ਦੌਰਾਨ, ਯੂਨਾਈਟਿਡ ਸਿੱਖਸ ਦੇ ਵਲੰਟੀਅਰ ਤੁਰੰਤ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰ ਰਹੇ ਹਨ, ਭਾਵੇਂ ਉਹ ਯੂਕਰੇਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਸੁਰੱਖਿਅਤ ਵਾਪਸੀ ਵਿੱਚ ਮਦਦ ਕਰਨਾ ਹੋਵੇ, ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬਿਮਾਰਾਂ ਲਈ ਮੁਫ਼ਤ ਐਂਬੂਲੈਂਸਾਂ ਦਾ ਪ੍ਰਬੰਧ ਕਰਨਾ ਜਾਂ ਜੰਗ ਪ੍ਰਭਾਵਿਤ ਅਫਗਾਨ ਸਿੱਖਾਂ ਦੀ ਮੈਕਸੀਕੋ ਜਾਣ ਵਿੱਚ ਮਦਦ ਕਰਨਾ ਹੋਵੇ। ਤੁਹਾਡੇ ਸਹਿਯੋਗ ਨਾਲ ਹੀ ਅਸੀਂ ਹਰ ਐਮਰਜੈਂਸੀ ਵਿੱਚ ਸੇਵਾ ਕਰਨ ਦੇ ਯੋਗ ਹਾਂ। ਉਨ੍ਹਾਂ ਕਿਹਾ ਕਿ ਸਾਡੀਆਂ ਟੀਮਾਂ ਪ੍ਰਤੀਕੂਲ ਮੌਸਮ ਅਤੇ ਯੁੱਧ ਪ੍ਰਭਾਵਿਤ ਖੇਤਰਾਂ ਵਿੱਚ ਗਰਮ ਭੋਜਨ, ਦਵਾਈਆਂ ਤੇ ਪੁਨਰਵਾਸ ਪ੍ਰਦਾਨ ਕਰ ਰਹੀਆਂ ਹਨ। ਅਸੀਂ ਅਫਗਾਨਿਸਤਾਨ, ਨਾਂਦੇੜ ਅਤੇ ਸ਼ਿਲਾਂਗ ਵਿੱਚ ਸਿੱਖਾਂ ਸਮੇਤ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਦੇ ਯੋਗ ਵੀ ਰਹੇ ਹਾਂ। ਅਸੀਂ ਸ਼ਿਲਾਂਗ, ਪੰਜਾਬ ਤੇ ਪੇਸ਼ਾਵਰ ਵਿੱਚ ਗੁਰਮਤਿ ਅਤੇ ਗੁਰਮੁਖੀ ਕਲਾਸਾਂ ਦਾ ਆਯੋਜਨ ਵੀ ਕੀਤਾ। ਉਨ੍ਹਾਂ ਕਿਹਾ ਕਿ ਜਿਵੇਂ ਸੰਸਾਰ 2023 ਵਿੱਚ ਕਦਮ ਰੱਖਣ ਜਾ ਰਿਹਾ ਹੈ, ਉਵੇਂ ਹੀ ਯੂਨਾਈਟਿਡ ਸਿੱਖਸ ਆਪਣੇ ਪ੍ਰੋਜੈਕਟ ਨੂੰ ਜਾਰੀ ਰੱਖਣ, ਉੱਚੇ ਟੀਚੇ ਅਤੇ ਹਜ਼ਾਰਾਂ ਪਰਿਵਾਰਾਂ ਦੀ ਮਦਦ ਕਰਨ ਲਈ ਲੋਕਾਂ ਦੇ ਸਮਰਥਨ ਦੀ ਅਪੀਲ ਕਰਦਾ ਹੈ। ਯੂਨਾਈਟਿਡ ਸਿੱਖਸ ਦੀ ਜਸਲੀਨ ਕੌਰ ਨੇ ਕਿਹਾ ਕਿ 2021 ਵਿੱਚ, ਜਦੋਂ ਕੋਵਿਡ-19 ਦੀ ਦੂਜੀ ਲਹਿਰ ਨੇ ਪੂਰੇ ਭਾਰਤ ਵਿੱਚ ਅਚਨਚੇਤ ਤਬਾਹੀ ਮਚਾਈ ਤਾਂ ਯੂਨਾਈਟਿਡ ਸਿੱਖਜ਼ ਹਜ਼ਾਰਾਂ ਪੀੜਤਾਂ ਨੂੰ ਆਕਸੀਜਨ ਸਿਲੰਡਰ ਅਤੇ ਐਂਬੂਲੈਂਸ ਮੁਹੱਈਆ ਕਰਵਾਉਣ ਲਈ ਅੱਗੇ ਵਧਿਆ। ਨਾਜ਼ੁਕ ਲੋੜ ਅਤੇ ਵਧਦੀ ਮੰਗ ਦੇ ਮੱਦੇਨਜ਼ਰ ਐਂਬੂਲੈਂਸ ਸੇਵਾ ਜਾਰੀ ਰੱਖੀ ਗਈ ਸੀ। ਇਹ ਸੇਵਾ ਚੰਡੀਗੜ੍ਹ, ਦਿੱਲੀ ਐਨਸੀਆਰ ਅਤੇ ਬੈਂਗਲੁਰੂ ਵਰਗੇ ਸ਼ਹਿਰੀ ਖੇਤਰਾਂ ਵਿੱਚ 24 ਘੰਟੇ ਮੁਫਤ ਉਪਲਬਧ ਸੀ। ਇਸ ਸਾਲ ਇਸ ਸੇਵਾ ਨੂੰ ਲੁਧਿਆਣਾ ਤੱਕ ਵਧਾ ਦਿੱਤਾ ਗਿਆ, ਜਿੱਥੇ ਡਾਕਟਰੀ ਸਹਾਇਤਾ ਲਈ ਐਂਬੂਲੈਂਸਾਂ ਸਾਲ ਭਰ ਚਲਦੀਆਂ ਰਹਿੰਦੀਆਂ ਹਨ। ਅਜਿਹੀ ਸਥਿਤੀ ਵਿੱਚ, ਦਾਨ ਦੀ ਰਕਮ ਨਾਲ ਮਿਸ਼ਨ ਨੂੰ ਅਸਲ ਵਿੱਚ ਨਿਰਵਿਘਨ ਜਾਰੀ ਰੱਖਿਆ ਜਾ ਸਕਦਾ ਹੈ।