ਚੰਡੀਗੜ੍ਹ, 5 ਜਨਵਰੀ : ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਪੰਜਾਬ ਦੇ ਭਾਸ਼ਾ ਮੰਤਰੀ ਮੀਤ ਹੇਅਰ ਵੱਲੋਂ ਮਾਂ ਬੋਲੀ ਪੰਜਾਬੀ ਦੇ ਮਾਣ-ਸਨਮਾਨ ਵਿਚ ਕੀਤੇ ਜਾ ਰਹੇ ਯਤਨਾਂ ਦੀ ਪੁਰਜ਼ੋਰ ਸ਼ਲਾਘਾ ਕੀਤੀ ਹੈ। ਕਲਾ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਦੱਸਿਆ ਕਿ ਡਾ ਸੁਰਜੀਤ ਪਾਤਰ ਸਮੇਤ ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਤੇ ਸਕੱਤਰ ਡਾ ਲਖਵਿੰਦਰ ਜੌਹਲ ਨੇ ਵੀ ਮੀਤ ਹੇਅਰ ਵਲੋਂ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਚੁੱਕੇ ਕਦਮਾਂ ਦੀ ਤਾਰੀਫ ਕੀਤੀ ਕਰਦਿਆਂ ਉਨਾਂ ਨੂੰ ਵਧਾਈ ਦਿੱਤੀ। ਡਾ ਸੁਰਜੀਤ ਪਾਤਰ ਨੇ ਆਖਿਆ ਕਿ ਭਾਸ਼ਾ ਵਿਭਾਗ ਦੇ ਮੰਤਰੀ ਮੀਤ ਹੇਅਰ ਨੇ ਪੰਜਾਬ ਵਿਚ ਬੋਰਡਾਂ ਉਤੇ ਪੰਜਾਬੀ ਭਾਸ਼ਾ ਨੂੰ ਪਹਿਲ ਦੇ ਅਧਾਰ 'ਤੇ ਲਿਖੇ ਜਾਣ ਦੇ ਦਿੱਤੇ ਆਦੇਸ਼ਾਂ, ਭਾਸ਼ਾ ਵਿਭਾਗ ਪੰਜਾਬ ਦੇ ਸਾਹਿਤਕ ਕਾਰਜਾਂ ਵਿਚ ਪ੍ਰਗਤੀ ਲਿਆਉਣ ਤੇ ਬਰਨਾਲਾ ਦੇ ਪਿੰਡ ਧੌਲਾ ਦੇ ਜੰਮਪਲ ਉਘੇ ਲੇਖਕ ਰਾਮ ਸਰੂਪ ਅਣਖੀ ਦੇ ਨਾਂ ਉਤੇ ਪਿੰਡ ਧੌਲਾ ਦੇ ਸਕੂਲ ਦਾ ਨਾਂ ਰੱਖੇ ਜਾਣ ਦੀ ਵੀ ਸ਼ਲਾਘਾ ਕੀਤੀ ਹੈ। ਡਾ ਪਾਤਰ ਨੇ ਆਖਿਆ ਕਿ ਪੰਜਾਬ ਸਰਕਾਰ ਨੂੰ ਇਹੋ ਜਿਹੇ ਯਤਨ ਜਾਰੀ ਰੱਖਣੇ ਚਾਹੀਦੇ ਹਨ। ਉਨਾਂ ਭਾਸ਼ਾ ਮੰਤਰੀ ਤੋਂ ਭਦੌੜ ਵਿਖੇ ਉਘੇ ਲੇਖਕ ਦਵਿੰਦਰ ਸਤਿਆਰਥੀ ਤੇ ਸ਼ਹਿਣਾ ਵਿਖੇ ਬਲਵੰਤ ਗਾਰਗੀ ਦੀ ਦੀਆਂ ਯਾਦਗਾਰਾਂ ਬਣਾਉਣ ਦੀ ਇੱਛਾ ਪ੍ਰਗਟਾਈ ਹੈ।