ਗਾਇਕ ਰਣਜੀਤ ਬਾਵਾ ਦੇ ਪੀਏ ਡਿਪਟੀ ਵੋਹਰਾ ਦੀ ਸੜਕ ਹਾਦਸੇ 'ਚ ਮੌਤ

ਚੰਡੀਗੜ੍ਹ, 9 ਜਨਵਰੀ : ਵਾਪਰੇ ਇਕ ਸੜਕ ਹਾਦਸੇ ਵਿੱਚ ਗਾਇਕ ਰਣਜੀਤ ਬਾਵਾ ਦੇ ਪੀਏ ਡਿਪਟੀ ਵੋਹਰਾ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਰਣਜੀਤ ਬਾਵਾ ਦਾ ਪੀਏ ਡਿਪਟੀ ਵੋਹਰਾ ਦੇਰ ਰਾਤ ਚੰਡੀਗੜ੍ਹ ਤੋਂ ਬਟਾਲਾ ਵਾਪਸ ਆ ਰਿਹਾ ਸੀ ਕਿ ਰਸਤੇ ’ਚ ਉਨ੍ਹਾਂ ਦਾ ਸੜਕ ਹਾਦਸਾ ਹੋ ਗਿਆ। ਜਿਸ ਕਾਰਨ ਉਸਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਡਿਪਟੀ ਵੋਹਰਾ ਦੀ ਗੱਡੀ ਪਿੰਡ ਲਿੱਧੜਾਂ ਨੇੜੇ ਪਿੱਲਰ ਨਾਲ ਟਕਰਾ ਗਈ ਜਿਸ ਕਾਰਨ ਇਹ ਹਾਦਸਾ ਵਾਪਰਿਆ। ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਬੀਤੀ ਰਾਤ ਇੱਕ ਤੇਜ਼ ਰਫਤਾਰ ਗੱਡੀ ਲਿੱਧੜਾਂ ਨੇੜੇ ਪੁਲ਼ ਦੇ ਪਿੱਲਰ ਨਾਲ ਟਕਰਾ ਕੇ ਪਲਟ ਗਈ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਹਾਦਸੇ ਦੇ ਕਾਰਨ ਕਾਰ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਸਬੰਧੀ ਗਾਇਕ ਰਣਜੀਤ ਬਾਵਾ ਨੇ ਸੋਸ਼ਲ ਮੀਡੀਆ ਉਤੇ ਵੀ ਜਾਣਕਾਰੀ ਦਿੱਤੀ। ਰਣਜੀਤ ਬਾਵਾ ਨੇ ਲਿਖਿਆ ਹੈ, ‘ਮੇਰਾ ਭਰਾ ਡਿਪਟੀ ਵੋਹਰਾ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ , ਭਰਾ ਹਾਲੇ ਅਸੀ ਬਹੁਤ ਕੰਮ ਕਰਨਾ ਸੀ ਬਹੁਤ ਅੱਗੇ ਜਾਣਾ ਸੀ। ਸਾਡੀ ਵੀਹ ਸਾਲ ਦੀ ਯਾਰੀ ਨੂੰ ਤੋੜ ਗਿਆ ਯਾਰਾ। ਮੈਂ ਕਿੱਥੋਂ ਲੱਭੂ ਤੇਰੇ ਵਰਗਾ ਇਮਾਨਦਾਰ, ਦਲੇਰ ਤੇ ਦਿਲ ਦਾ ਰਾਜਾ ਭਰਾ ਅਲਵਿਦਾ ਭਰਾ ਮੇਰੀ ਸੱਜੀ ਬਾਂਹ ਭੱਜ ਗਈ ਅੱਜ ਮਾੜਾ ਕੀਤਾ ਰੱਬਾ ਬਹੁਤ।

ਡਿਪਟੀ ਵੋਹਰਾ ਦਾ ਅੰਤਿਮ ਸਸਕਾਰ ਬਟਾਲਾ ਵਿਖੇ ਕੀਤਾ,
ਪੰਜਾਬੀ ਗਾਇਕ ਰਣਜੀਤ ਬਾਵਾ ਦੇ ਮੈਨੇਜਰ ਡਿਪਟੀ ਵੋਹਰਾ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਸ਼ਹਿਰ ਬਟਾਲਾ ਵਿਖੇ ਦੇਰ ਸ਼ਾਮ ਕੀਤਾ ਗਿਆ। ਡਿਪਟੀ ਵੋਹਰਾ ਦਾ ਦੇਰ ਰਾਤ ਚੰਡੀਗੜ ਤੋਂ ਬਟਾਲਾ ਵਾਪਸ ਆ ਰਹੇ ਸਨ ਅਤੇ ਜਲੰਧਰ ਨਜਦੀਕ ਹੋਏ ਸੜਕੀ ਹਾਦਸੇ ‘ਚ ਉਨ੍ਹਾਂ ਦੀ ਮੌਤ ਹੋ ਗਈ ਸੀ। ਡਿਪਟੀ ਵੋਹਰਾ ਦੇ ਦਿਹਾਂਤ ਤੋਂ ਬਾਅਦ ਬਟਾਲਾ ਵਿਚ ਸੋਗ ਦੀ ਲਹਿਰ ਹੈ। ਇਸ ਦੌਰਾਨ ਗਾਇਕ ਰਣਜੀਤ ਬਾਵਾ, ਕਲਾਕਾਰ ਸਤਿੰਦਰ ਸੱਤੀ ਸਮੇਤ ਐਮਐਲਏ ਬਟਾਲਾ ਅਮਨ ਸ਼ੇਰ ਸਿੰਘ ਕਲਸੀ ਅਤੇ ਐਮਐਲਏ ਤ੍ਰਿਪਤ ਰਾਜਿੰਦਰ ਬਾਜਵਾ ਸਮੇਤ ਵੱਡੀ ਗਿਣਤੀ ਵਿੱਚ ਬਟਾਲਾ ਵਾਸੀ ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਏ। ਇਸ ਮੌਕੇ ਰਣਜੀਤ ਬਾਵਾ ਅੱਖਾਂ ਭਰ ਕੇ ਰੋਂਦੇ ਨਜਰ ਆਏ ਅਤੇ ਇਕ ਹੀ ਗੱਲ ਕਹਿੰਦੇ ਨਜਰ ਆਏ ਕੇ ਹਾਏ ਓਏ ਰੱਬਾ ਮੇਰਾ ਭਰਾ ਕਿਊ ਖੋਹ ਲਿਆ। ਰਣਜੀਤ ਬਾਵਾ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ, ਐਮਐਲਏ ਬਟਾਲਾ ਅਮਨ ਸ਼ੇਰ ਸਿੰਘ ਕਲਸੀ, ਤ੍ਰਿਪਤ ਰਾਜਿੰਦਰ ਬਾਜਵਾ ਅਤੇ ਕਲਾਕਾਰ ਸਤਿੰਦਰ ਸੱਤੀ ਨੇ ਦੁੱਖ ਭਰੇ ਲਹਿਜੇ ਨਾਲ ਕਿਹਾ ਕਿ ਪਰਿਵਾਰ ਅਤੇ ਬਟਾਲਾ ਸਮੇਤ ਪੰਜਾਬੀ ਇੰਡਸਟਰੀ ਨੂੰ ਵੱਡਾ ਘਾਟਾ ਪਿਆ ਹੈ। ਡਿਪਟੀ ਵੋਹਰਾ ਬਹੁਤ ਹੀ ਮਿਲਣਸਾਰ ਅਤੇ ਮਦਦਗਾਰ ਸੁਭਾਅ ਦੇ ਮਾਲਕ ਸਨ ਇਸ ਦੁੱਖ ਦੀ ਘੜੀ ਵਿਚ ਪਰਮਾਤਮਾ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ਅਤੇ ਦੁਖੀ ਹਿਰਦਿਆਂ ਨੂੰ ਹੌਂਸਲਾ ਦੇਵੇ।