ਚੰਡੀਗੜ੍ਹ, 4 ਫਰਵਰੀ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਖਿਆ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ’ਤੇ ਵੈਲਯੂ ਐਡਡ ਟੈਕਸ (ਵੈਟ) ਵਿਚ ਚੋਖਾ ਵਾਧਾ ਕਰਨ ਦੇ ਨਾਲ ਆਮ ਆਦਮੀ ਨੁੰ ਵੱਡੀ ਮਾਰ ਪਵੇਗੀ ਅਤੇ ਹਿਸ ਨਾਲ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿਚ ਵੀ ਭਾਰੀ ਉਛਾਲ ਆ ਜਾਵੇਗਾ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਜਿਸ ਪਾਰਟੀ ਨੇ ਕੇਂਦਰੀ ਬਜਟ ਦੀ ਨਿਖੇਧੀ ਕੀਤੀ ਸੀ ਤੇ ਜ਼ੋਰ ਦੇ ਕੇ ਕਿਹਾ ਸੀ ਕਿ ਟੈਕਸ ਵਧਾਉਣ ਨਾਲ ਮਹਿੰਗਾਈ ਵਧੇਗੀ, ਉਹੀ ਪਾਰਟੀ ਵਿਧਾਨ ਸਭਾ ਵਿਚ ਬਜਟ ਪੇਸ਼ ਕਰਨ ਤੋਂ ਪਹਿਲਾਂ ਟੈਕਸਾਂ ਵਿਚ ਵਾਧਾ ਕਰ ਰਹੀ ਹੈ। ਉਹਨਾਂ ਕਿਹਾ ਕਿ ਜਿਸ ਵੇਲੇ ਮਹਿੰਗਾਈ ਸਿਖਰਾਂ ’ਤੇ ਹੈ, ਉਸ ਵੇਲੇ ਇਹ ਵਾਧਾ ਕਰਨਾ ਨਿੰਦਣਯੋਗ ਹੈ। ਸਰਦਾਰ ਮਜੀਠੀਆ ਨੇ ਇਹ ਵੀ ਹੈਰਾਨੀ ਪ੍ਰਗਟ ਕੀਤੀ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਫੰਡ ਜੁਟਾਉਣ ਵਾਸਤੇ ਵਾਧੂ ਟੈਕਸ ਲਗਾ ਦਿੱਤੇ ਹਨ। ਉਹਨਾਂ ਕਿਹਾਕਿ ਸਰਕਾਰ ਨੇ ਇਸ ਸਾਲ ਪਹਿਲਾਂ ਹੀ 45000 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ। ਇਸਨੇ ਇਕੱਲੇ ਇਸ਼ਤਿਹਾਰਾਂ ਵਾਸਤੇ 800 ਕਰੋੜ ਰੁਪਏ ਰੱਖੇ ਹਨ। ਉਹਨਾਂ ਕਿਹਾ ਕਿ ਤੇਲ ’ਤੇ ਟੈਕਸ ਤੋਂ 480 ਕਰੋੜ ਰੁਪਏ ਦੀ ਵਾਧੂ ਆਮਦਨ ਕਿਵੇਂ ਮਦਦ ਕਰੇਗੀ ਜਦੋਂ ਕਿ ਸਰਕਾਰ ਲਏ ਕਰਜ਼ੇ ਦਾ ਜਵਾਬ ਨਹੀਂ ਦੇ ਪਾ ਰਹੀ। ਸਰਦਾਰ ਮਜੀਠੀਆ ਨੇ ਕਿਹਾ ਕਿ ਤੇਲ ਕੀਮਤਾਂ ਵਿਚ ਵਾਧੇ ਨਾਲ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿਚ ਡੀਜ਼ਲ ਸਸਤਾ ਹੋਣ ਕਾਰਨ ਉਸਦੀ ਸਮਗਲਿੰਗ ਵਧੇਗੀ। ਉਹਨਾਂ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਵਿਚ ਵੈਟ ਨੂੰ ਗੁਆਂਢੀ ਰਾਜਾਂ ਦੇ ਬਰਾਬਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਬਜਾਏ ਅਜਿਹਾ ਕਰਨ ਦੇ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੋਵਾਂ ’ਤੇ ਵੈਟ ਵਿਚ ਵਾਧਾ ਕਰ ਦਿੱਤਾ ਹੈ।