- ਵਿਦੇਸ਼ ਜਾਣ ਲਈ ਕਾਹਲੇ ਨੌਜਵਾਨਾਂ ਦੀ ਮਨੋਦਸ਼ਾ ਬਿਆਨਦਾ ਹੈ ਨਾਟਕ ‘ਪੀ ਜੀ-ਦ ਪੇਇੰਗ ਗੈਸਟ’
ਚੰਡੀਗੜ੍ਹ, 29 ਅਕਤੂਬਰ : ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਸਾਲ 2020 ਲਈ ਸੰਜੀਵਨ ਸਿੰਘ ਦੀ ਨਾਟ-ਪੁਸਤਕ ‘ਪੀ ਜੀ-ਦ ਪੇਇੰਗ ਗੈਸਟ’ ਨੂੰ ਈਸ਼ਵਰ ਚੰਦਰ ਨੰਦਾ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਗਿਆ ਹੈ।ਸੰਜੀਵਨ ਦਾ ਇਹ ਨਾਟਕ ਵਿਦੇਸ਼ ਜਾਣ ਲਈ ਕਾਹਲੇ ਨੌਜਵਾਨਾਂ ਦੀ ਮਨੋਦਸ਼ਾ ਬਿਆਨਦਾ ਹੈ। ਇਹ ਪੁਰਸਕਾਰ ਉੱਚੇਰੀ ਸਿੱਖਿਆ ਤੇ ਭਾਸ਼ਾਵਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਭਾਸ਼ਾ ਵਿਭਾਗ ਦੁਆਰਾ ਪੰਜਾਬੀ ਦਿਵਸ ਮੌਕੇ ਕਰਵਾਏ ਜਾ ਰਹੇ ‘ਪੰਜਾਬੀ ਮਾਹ-2023’ ਦੇ ਉਦਘਾਟਨੀ ਸਮਾਰੋਹ ਦੌਰਾਨ ਪਟਿਆਲਾ ਵਿਖੇ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸੰਜੀਵਨ ਸਿੰਘ ਪਿੱਛਲੇ ਚਾਰ ਦਹਾਕਿਆਂ ਤੋਂ ਪੰਜਾਬੀ ਰੰਗਮੰਚ ਦੇ ਖੇਤਰ ਵਿਚ ਸਰਗਰਮ ਹਨ। ਉਹ ਸਮਾਜਿਕ ਸਰੋਕਾਰਾਂ ਦਾ ਜ਼ਿਕਰ ਤੇ ਫ਼ਿਕਰ ਕਰਦੇ ਦੋ ਦਰਜਨ ਤੋਂ ਵੱਧ ਨਾਟਕ ਲਿਖ ਚੁੱਕੇ ਹਨ। ਜਿੰਨ੍ਹਾਂ ਦੇ ਅਨੇਕਾਂ ਮੰਚਣ ਦੇਸ਼-ਵਿਦੇਸ਼ਾਂ ਵਿਚ ਹੋ ਚੁੱਕੇ ਹਨ।ਇਸ ਤੋਂ ਪਹਿਲਾਂ ਅਜ਼ਾਦੀ ਘੁਲਾਟੀਆਂ ਦੀ ਹੋ ਰਹੀ ਦੁਰਦਸ਼ਾ ਨੂੰ ਬਿਆਨਦੇ ਦੇ ਸੰਜੀਵਨ ਦੇ ਨਾਟਕ ‘ਫ਼ਰੀਡਮ ਫ਼ਾਇਟਰ’ ਨੂੰ ਗੁਰੁ ਨਾਨਕ ਦੇਵ ਯੂਨੀਵਰਸਟੀ ਵੱਲੋ ਆਈ. ਸੀ. ਨੰਦਾ ਐਵਾਰਡ ਮਿਲ ਚੁੱਕਾ ਹੈ।