ਚੰਡੀਗੜ੍ਹ, 06 ਮਾਰਚ : ਪੰਜਾਬ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਦੀ ਸਥਿਤੀ ਤੇ ਚਰਚਾ ਕਰਨ ਲਈ ਸਰਬ ਪਾਰਟੀ ਮੀਟਿੰਗ ਬੁਲਾਉਣ ਲਈ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾਂ ਨੇ ਮੰਗ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਿੱਠੀ ਲਿਖ ਕੇ ਪੰਜਾਬ ਦੀ ਸ਼ਾਂਤੀ ਨੂੰ ਕਾਇਮ ਰੱਖਣ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਹੈ। ਪ੍ਰਧਾਨ ਸ਼ਰਮਾ ਨੇ ਲਿਖਿਆ, “ਮੈਂ ਇਸ ਪੱਤਰ ਰਾਹੀਂ ਤੁਹਾਡਾ ਧਿਆਨ ਪੰਜਾਬ ਵਿਚ ਲਗਾਤਾਰ ਖਰਾਬ ਹੋ ਰਹੀ ਕਾਨੂੰਨ ਵਿਵਸਥਾ ਵੱਲ ਦਿਵਾਉਣਾ ਚਾਹੁੰਦਾ ਹਾਂ। ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਹੋਣ ਦੇ ਨਾਤੇ ਰਾਜ ਅੰਦਰ ਕ਼ਾਨੂੰਨ ਵਿਵਸਥਾ ਕਾਇਮ ਕਰਨਾ ਤੁਹਾਡਾ ਦਾ ਪਹਿਲਾ ਫਰਜ਼ ਹੈ। ਪੰਜਾਬ ਵਿਚ ਪਿਛਲੇ ਕਈ ਮਹੀਨਿਆਂ ਤੋਂ ਕਤਲ, ਡਕੈਤੀ, ਜਬਰਨ ਵਸੂਲੀ ਅਤੇ ਫਿਰੌਤੀ ਦੀਆਂ ਖ਼ਬਰਾਂ ਨਿੱਤ ਵੱਡੇ ਪੱਧਰ ’ਤੇ ਆ ਰਹੀਆਂ ਹਨ| ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ, ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ, ਸ਼ਿਵਸੈਨਾ ਨੇਤਾ ਸੁਧੀਰ ਸੂਰੀ, ਨਕੋਦਰ ਦੇ ਕੱਪੜਾ ਵਪਾਰੀ ਸਮੇਤ ਸੈਂਕੜੇ ਪੰਜਾਬੀ ਆਪਣੀਆਂ ਜਾਨਾਂ ਗਵਾ ਚੁੱਕੇ ਹਨ, ਜੇਲ੍ਹਾਂ ਵਿਚ ਵੀ ਗੈਂਗਸਟਰ ਆਪਸ ਵਿਚ ਜਾਨਲੇਵਾ ਜੰਗ ਲੜ ਰਹੇ ਹਨ। ਅਸ਼ਵਨੀ ਸ਼ਰਮਾ ਨੇ ਲਿਖਿਆ, “ਤੁਸੀਂ ਤਾਂ ਪੰਜਾਬ ਦੇ ਕਾਲੇ ਦੌਰ ਨੂੰ ਦੇਖਿਆ ਹੈ, ਅੱਜ ਹਾਲਾਤ ਫਿਰ ਉਸੇ ਕਾਲੇ ਦੌਰ ਵੱਲ ਜਾਂਦੇ ਦਿਖ ਰਹੇ ਹਨ| ਅਜਨਾਲਾ ਪੁਲਿਸ ਸਟੇਸ਼ਨ ਵਿਚ ਵਾਪਰੇ ਘਟਨਾਕ੍ਰਮ ਨੇ ਸਮੂਹ ਪੰਜਾਬੀਆਂ ਦੇ ਨਾਲ ਨਾਲ ਪੂਰੇ ਦੇਸ਼ ਨੂੰ ਚਿੰਤਾ ਵਿਚ ਪਾ ਦਿੱਤਾ ਹੈ| ਜਿਸ ਪ੍ਰਕਾਰ ਪੁਲਿਸ ਸਟੇਸ਼ਨ ’ਤੇ ਹਮਲਾ ਕੀਤਾ ਗਿਆ ਅਤੇ ਪੁਲਿਸ ਅਫਸਰਾਂ ਅਤੇ ਮੁਲਾਜ਼ਮਾਂ ਨੂੰ ਜ਼ਖਮੀ ਕੀਤਾ ਗਿਆ, ਉਹ ਬਹੁਤ ਹੀ ਨਿੰਦਣਯੋਗ ਹੈ। ਭਾਜਪਾ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਇਹਨਾਂ ਸਾਰੇ ਹਾਲਾਤਾਂ ਦੇ ਮੱਦੇਨਜ਼ਰ ਭਾਜਪਾ ਪੰਜਾਬ ਨਾਲ ਚੱਟਾਨ ਵਾਂਗ ਖੜ੍ਹੀ ਹੈ।