- ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਝੋਨੇ ਦੇ ਨਿਰਵਿਘਨ ਖਰੀਦ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਆਨਲਾਈਨ ਆਰ.ਓ. ਵਿਧੀ ਸ਼ੁਰੂ : ਲਾਲ ਚੰਦ ਕਟਾਰੂਚੱਕ
- ਵਿਭਾਗ 1 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਸੀਜ਼ਨ ਲਈ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ
ਚੰਡੀਗੜ੍ਹ, 22 ਸਤੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ, ਪੰਜਾਬ ਸਰਕਾਰ ਨੇ 1 ਅਕਤੂਬਰ, 2023 ਤੋਂ ਸ਼ੁਰੂ ਹੋ ਰਹੇ ਸਾਉਣੀ ਮੰਡੀਕਰਨ ਸੀਜ਼ਨ (ਕੇ.ਐੱਮ.ਐੱਸ.) 2023-24 ਦੌਰਾਨ ਯੋਗ ਰਾਈਸ ਮਿੱਲਰਾਂ ਨੂੰ ਵਾਧੂ ਝੋਨੇ ਸਬੰਧੀ ਰੀਲੀਜ਼ ਆਰਡਰ (ਆਰ.ਓ.) ਜਾਰੀ ਕਰਨ ਲਈ ਇੱਕ ਆਨਲਾਈਨ ਵਿਧੀ ਤਿਆਰ ਕੀਤੀ ਹੈ। ਆਟੋਮੇਟਿਡ ਰੀਲੀਜ਼ ਆਰਡਰ ਮੋਡੀਊਲ ਨੂੰ ਆਨਲਾਈਨ ਲਿੰਕੇਜ ਨਾਲ ਜੋੜਿਆ ਗਿਆ ਹੈ ਤਾਂ ਜੋ ਕਾਰਜਸ਼ੀਲਤਾ, ਪਾਰਦਰਸ਼ਤਾ, ਕੁਸ਼ਲਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਪਹਿਲਕਦਮੀ ਮਿੱਲਰਾਂ ਲਈ ਇੱਕ ਸੁਚਾਰੂ ਅਤੇ ਸੁਵਿਧਾਜਨਕ ਪ੍ਰਣਾਲੀ ਪ੍ਰਦਾਨ ਕਰਨ ਦੇ ਨਾਲ-ਨਾਲ ਖਰੀਦ ਕਾਰਜਾਂ ਵਿੱਚ ਗੈਰ-ਕਾਨੂੰਨੀ ਜਾਂ ਭ੍ਰਿਸ਼ਟ ਗਤੀਵਿਧੀਆਂ ਦੀ ਕਿਸੇ ਵੀ ਤਰ੍ਹਾਂ ਦੀ ਸੰਭਾਵਨਾ ਨੂੰ ਖਤਮ ਕਰੇਗੀ। ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਆਰ.ਓ. ਦੀ ਲੈਣ ਲਈ ਤਰਜੀਹ ਕ੍ਰਮ ਆਰ.ਓ. ਇੰਟਾਈਟਲਮੈਂਟ (ਵੱਧ ਤੋਂ ਵੱਧ ਅਲਾਟ ਹੋਣ ਯੋਗ ਝੋਨਾ - ਮੁਫ਼ਤ ਝੋਨਾ) ਹੋਵੇਗਾ ਅਤੇ ਉਸ ਤੋਂ ਬਾਅਦ ਕੇਂਦਰ ਵੱਲੋਂ ਕੀਤੀ ਜਾਣ ਵਾਲੀ ਬਰਾਬਰ ਕਟੌਤੀ ਅਤੇ ਝੋਨੇ ਦੀ ਮੁਫ਼ਤ ਅਲਾਟਮੈਂਟ ਹੋਵੇਗੀ। ਮੰਤਰੀ ਨੇ ਅੱਗੇ ਕਿਹਾ ਕਿ ਮਿੱਲਰ ਦੁਆਰਾ ਦਿੱਤੀ ਗਈ ਅਰਜ਼ੀ 'ਤੇ ਪੋਰਟਲ ਰਾਹੀਂ ਸਵੈ-ਚਾਲਿਤ ਪ੍ਰਕਿਰਿਆ ਰਾਹੀਂ ਗੌਰ ਕੀਤਾ ਜਾਵੇਗਾ, ਜਿਸ ਨਾਲ ਪੂਰੀ ਆਰ.ਓ. ਪ੍ਰਕਿਰਿਆ ਨੂੰ ਸਹਿਜ ਅਤੇ ਮੁਸ਼ਕਲ ਰਹਿਤ ਬਣਾਇਆ ਜਾ ਸਕੇਗਾ। ਮਿੱਲਰ ਪਿਛਲੀ ਸ਼੍ਰੇਣੀ ਵਿੱਚ ਇੰਟਾਈਟਲਮੈਂਟ ਖਤਮ ਕਰਨ ਉਪਰੰਤ ਹੀ ਅਗਲੀ ਸ਼੍ਰੇਣੀ ਵਿੱਚ ਆਰ.ਓ. ਸਬੰਧੀ ਅਰਜ਼ੀ ਦਾਖਲ ਕਰਨ ਦੇ ਯੋਗ ਹੋਵੇਗਾ। ਯੋਗ ਰਾਈਟ ਮਿੱਲਰ 1 ਅਕਤੂਬਰ ਤੋਂ ਬਾਅਦ ਹੀ ਵਿਸ਼ੇਸ਼ ਆਰ.ਓ. ਮੰਡੀਆਂ ਤੋਂ ਆਰ.ਓ. ਜਾਰੀ ਕਰਨ ਲਈ ਅਪਲਾਈ ਕਰਨ ਯੋਗ ਹੋਣਗੇ ਜੋ ਦੋ ਬਰਾਬਰ ਹਿੱਸਿਆਂ ਵਿੱਚ ਜਾਰੀ ਕੀਤੇ ਜਾਣਗੇ।