
ਚੰਡੀਗੜ੍ਹ, 1 ਦਸੰਬਰ 2024 : ਪੰਜਾਬ ਦੇ ਅੰਮ੍ਰਿਤਸਰ ਵਿੱਚ ਨੈਸ਼ਨਲ ਹਾਈਵੇ ਦੀ ਉਸਾਰੀ ਕਰ ਰਹੀ ਲੇਬਰ ਤੇ ਚੋਰਾਂ ਦੇ ਇੱਕ ਗਿਰੋਹ ਨੇ 27 ਨਵੰਬਰ 2024 ਨੂੰ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਸੀ। ਦੋਸ਼ ਹੈ ਕਿ ਹੁਣ ਤੱਕ ਠੇਕੇਦਾਰ ਅਤੇ ਲੇਬਰ ਵੱਲੋਂ ਪੁਲਿਸ ਥਾਣੇ ਵਿੱਚ ਆਪਣੀ ਫਰਿਆਦ ਵੀ ਦਰਜ ਕਰਵਾਈ, ਪਰ ਕਿਸੇ ਨੇ ਉਨ੍ਹਾਂ ਦੀ ਇੱਕ ਨਾ ਸੁਣੀ। ਜਿਸ ਤੋਂ ਬਾਅਦ ਠੇਕੇਦਾਰ ਨੇ ਐਨਐਚਏਆਈ ਨੂੰ ਬੇਨਤੀ ਕੀਤੀ ਕਿ ਸਾਡੀ ਲੇਬਰ ਨੂੰ ਬਚਾ ਲਓ। ਇਸ ਤੋਂ ਬਾਅਦ ਐਨਐਚਏਆਈ ਨੇ ਕਾਰਵਾਈ ਕਰਦਿਆਂ ਹੋਇਆ ਡੀਜੀਪੀ ਪੰਜਾਬ ਨੂੰ ਜਿੱਥੇ ਚਿੱਠੀ ਲਿਖ ਕੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ, ਉੱਥੇ ਹੀ ਹਮਲਾਵਰਾਂ ਖਿਲਾਫ਼ ਕੋਈ ਸਖ਼ਤ ਐਕਸ਼ਨ ਨਾ ਲੈਣ ਤੇ ਅੰਮ੍ਰਿਤਸਰ ਪੁਲਿਸ ਤੇ ਨਰਾਜ਼ਗੀ ਵੀ ਜਤਾਈ। ਐਨਐਚਏਆਈ ਨੇ ਡੀਜੀਪੀ ਨੂੰ ਲਿਖੀ ਚਿੱਠੀ ਵਿਚ ਕਿਹਾ ਕਿ 27 ਨਵੰਬਰ 2024 ਨੂੰ ਹਾਈਵੇ ਦੀ ਉਸਾਰੀ ਕਰ ਰਹੀ ਲੇਬਰ ਤੇ ਚੋਰਾਂ ਦੇ ਇੱਕ ਗਿਰੋਹ ਨੇ ਡੰਡਿਆਂ, ਤਲਵਾਰਾਂ ਅਤੇ ਅਸਲੇ ਦੇ ਨਾਲ ਅਟੈਕ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ। ਜ਼ਖ਼ਮੀ ਹਾਲਤ ਵਿੱਚ ਲੇਬਰ ਨੂੰ ਠੇਕੇਦਾਰ ਵੱਲੋਂ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਜਿੱਥੇ ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਹੈ। ਐਨਐਚਏਆਈ ਨੇ ਡੀਜੀਪੀ ਨੂੰ ਲਿਖੀ ਚਿੱਠੀ ਵਿੱਚ ਅੱਗੇ ਕਿਹਾ ਕਿ ਠੇਕੇਦਾਰ ਨੇ ਉਕਤ ਹਮਲੇ ਸਬੰਧੀ ਸਥਾਨਕ ਪੁਲਿਸ ਥਾਣੇ ਅਤੇ ਐਸਐਸਪੀ ਦਿਹਾਤੀ ਕੋਲ ਦਰਖ਼ਾਸਤ ਦਰਜ ਕਰਵਾਈ, ਪਰ ਚਾਰ ਦਿਨ ਬੀਤ ਜਾਣ ਦੇ ਬਾਅਦ ਕੋਈ ਕਾਰਵਾਈ ਨਹੀਂ ਹੋਈ। ਜਦੋਂ ਤੱਕ ਇਸ ਮਾਮਲੇ ਵਿੱਚ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਸੁਰੱਖਿਆ ਮਹਿਲਾ ਦੀ ਨਿਯੁਕਤੀ ਨਹੀਂ ਕੀਤੀ ਜਾਂਦੀ, ਉਦੋਂ ਤੱਕ ਕੰਮ ਕਰਨਾ ਮੁਸ਼ਕਲ ਹੋਵੇਗਾ। ਇਸ ਹਿੰਸਕ ਘਟਨਾ ਨੇ ਮਜ਼ਦੂਰਾਂ ਵਿੱਚ ਹੀ ਨਹੀਂ ਸਗੋਂ ਸਮੁੱਚੇ ਨਿਰਮਾਣ ਅਮਲੇ ਵਿੱਚ ਵੀ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਠੇਕੇਦਾਰ ਤੇ ਮਜ਼ਦੂਰ ਹੁਣ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ, ਜਿਸ ਕਾਰਨ ਪ੍ਰਾਜੈਕਟ ਵਾਲੀ ਥਾਂ ’ਤੇ ਕੰਮ ਠੱਪ ਹੋ ਗਿਆ ਹੈ।