
ਚੰਡੀਗੜ੍ਹ, 27 ਜਨਵਰੀ 2025 : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਜੱਥੇਦਾਰ ਦੇ ਹੁਕਮਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ, ਉਨ੍ਹਾਂ ਕਿਹਾ ਕਿ ਭਰਤੀ ਅਕਾਲੀ ਦਲ ਦੀ ਨਹੀਂ ਸਗੋਂ ਸੁਖਬੀਰ ਬਾਦਲ ਦਲ ਦੀ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਇੰਨ੍ਹਾਂ ਨੇ ਬਿਨਾ ਕਿਸੇ ਦੀ ਇਜਾਜਤ ਤੋਂ ਖੁਦ ਹੀ ਪ੍ਰਧਾਨ ਦੀ ਨਿਯੁਕਤੀ ਕਰ ਦਿੱਤੀ ਹੈ। ਉਨ੍ਹਾਂ ਕਿਹਾ 2 ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਵਲੋਂ ਹੁਕਮ ਸੁਣਾਇਆ ਗਿਆ ਸੀ ਉਸ ਦੀ ਇੰਨ ਬਿੰਨ ਪਾਲਣਾ ਨਹੀਂ ਹੋ ਰਹੀ । ਉਨ੍ਹਾਂ ਨੇ ਚਿੰਤਾ ਅਤੇ ਫ਼ਿਕਰ ਜਾਹਿਰ ਕੀਤਾ ਸੀ ਕਿ ਜਥੇਦਾਰ ਦੇ ਸੁਣਾਏ ਫੈਸਲੇ ਦੀ ਅਵਾਗਿਆ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਭਲਕੇ ਗਿਆਨੀ ਹਰਪ੍ਰੀਤ ਸਿੰਘ ਵਲੋਂ ਸ਼ੋਸ਼ਲ ਮੀਡੀਆ ’ਤੇ ਇੱਕ ਭਾਵੁਕ ਅਪੀਲ ਕੀਤੀ ਗਈ ਹੈ। ਉਸ ਗੱਲ ਦਾ ਸਮੁੱਚੇ ਖਾਲਸਾ ਪੰਥ ਵਿਚ ਅਹਿਸਾਸ ਹੋ ਰਿਹਾ ਹੈ। ਸੋ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕਹਿਣਾ ਚਾਹੁੰਦੇ ਹਾਂ, ਕਿ ਇੱਕ ਧੜੇ ਵਲੋਂ ਹੁਕਮ ਅਦੁਲੀ ਕੀਤੀ ਜਾ ਰਹੀ ਹੈ। ਉਸ ਦਾ ਨੋਟਿਸ ਲੈਣਾ ਬਣਦਾ ਹੈ। ਇਸ ਦੇ ਨਾਲ ਹੀ ਸੁਰਜੀਤ ਸਿੰਘ ਰੱਖੜਾ ਅਤੇ ਪਰਮਿੰਦਰ ਢੀਂਡਸਾ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੁਖਬੀਰ ਵਿਰੁੱਧ ਦੁਬਾਰਾ ਕਾਰਵਾਈ ਕਰਨ ਦੀ ਬੇਨਤੀ ਵੀ ਕੀਤੀ। ਇਸ ਪ੍ਰੈਸ ਕਾਨਫਰੰਸ ’ਚ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਹਾਲ ਹੀ ’ਚ ਦਿੱਤੇ ਗਏ ਬਿਆਨਾਂ ਬਾਰੇ, ਉਨ੍ਹਾਂ ਕਿਹਾ ਕਿ ਸਾਰਾ ਪੰਥ ਹਰਪ੍ਰੀਤ ਸਿੰਘ ਦੇ ਨਾਲ ਖੜ੍ਹਾ ਹੈ। ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਇੱਕ ਤਖ਼ਤ ਦੇ ਜਥੇਦਾਰ ਦੀ ਜਾਂਚ ਕਿਵੇਂ ਕਰ ਸਕਦੇ ਹਨ ?