ਚੰਡੀਗੜ੍ਹ, 13 ਸਤੰਬ : ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ‘ਤੇ 28 ਤੋਂ 30 ਸਤੰਬਰ ਤੱਕ ਇਨਕਲਾਬ ਫੈਸਟੀਵਲ ਕਰਵਾਇਆ ਜਾ ਰਿਹਾ ਹੈ। ਇਸਦੌਰਾਨ ਪ੍ਰਸਿੱਧ ਪੰਜਾਬੀ ਕਲਾਕਾਰ ਜਸਵੀਰ ਜੱਸੀ, ਹਰਭਜਨ ਮਾਨ ਅਤੇ ਸੁਲਤਾਨ ਨੂਰਾਂ ਤੋਂ ਇਲਾਵਾ ਹੋਰ ਵੀ ਪ੍ਰਸਿੱਧ ਕਲਾਕਾਰ ਆਪਣੀ ਗਾਇਕੀ ਦੀ ਪੇਸ਼ਕਾਰੀ ਕਰਨਗੇ। ਇਸ ਦੌਰਾਨ ਬੱਚਿਆਂ ਦੇ ਲਈ ਝੂਲੇ, ਜਾਦੂਗਰ ਸ਼ੋਅ, ਖਾਣ-ਪੀਣ ਦੇ ਸਟਾਲ ਖਿੱਚ ਦਾ ਕੇਂਦਰ ਹੋਣਗੇ ਅਤੇ ਖਟਕੜ ਕਲਾਂ ਵਿਖੇ ਨਵੀਂ ਬਣਾਈ ਜਾਣ ਵਾਲੀ ਹੈਰੀਟੇਜ਼ ਸਟ੍ਰੀਟ ਅਤੇ ਅਪਗ੍ਰੇਡ ਕੀਤੇ ਗਏ ਸ਼ਹੀਦ-ਏ-ਆਜ਼ਮ ਮਿਊਜ਼ੀਅਮ ਦਾ ਵੀ ਉਦਘਾਟਨ ਕੀਤਾ ਜਾਵੇਗਾ। 28 ਸਤੰਬਰ ਨੂੰ ਪ੍ਰਸਿੱਧ ਕਲਾਕਾਰ ਜਸਵੀਰ ਜੱਸੀ ਆਪਣੀ ਗਾਇਕੀ ਦੀ ਪੇਸ਼ਕਾਰੀ ਕਰਨਗੇ। ਇਸ ਤੋਂ ਇਲਾਵਾ ਬੱਚਿਆਂ ਵੱਲੋਂ ਡਾਂਸ ਪ੍ਰੋਗਰਾਮ ਸਮੇਤ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜੀਵਨੀ ਸਬੰਧੀ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। 29 ਸਤੰਬਰ ਨੂੰ ਗੀਤਕਾਰ ਵੀਰ ਸਿੰਘ, ਸੁਲਤਾਨਾ ਨੂਰਾ ਆਪਣੀ ਗਾਇਕੀ ਦੇ ਨਾਲ ਰੰਗ ਬੰਨਣਗੇ। ਇਸ ਤੋਂ ਇਲਾਵਾ ਖੇਡਾਂ, ਫੁੱਲਾਂ ਦੇ ਗੁਲਦਸਤਿਆਂ ਦੀ ਪੇਸ਼ਕਾਰੀ, ਅਕਾਲ ਅਕੈਡਮੀ ਗਤਕਾ, ਪੰਜਾਬੀ ਸਭਿਆਚਾਰ ਤੇ ਫੈਸ਼ਨ ਸ਼ੋਅ, ਭੰਗੜਾ ਅਤੇ ਗਿੱਧਾ ਦੀ ਪੇਸ਼ਕਾਰੀ ਵੀ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਕੀਤੀ ਜਾਵੇਗੀ। 30 ਸਤੰਬਰ ਨੂੰ ਸਕੂਲਾਂ ਅਤੇ ਕਾਲਜਾਂ ਦੇ ਕੁਇਜ ਮੁਕਾਬਲੇ, ਡਾਂਸ ਦੇ ਮੁਕਾਬਲਿਆਂ ਤੋਂ ਇਲਾਵਾ ਪ੍ਰਸਿੱਧ ਕਲਾਕਾਰ ਹਰਭਜਨ ਮਾਨ ਆਪਣੀ ਗੀਤਕਾਰੀ ਪੇਸ਼ ਕਰਨਗੇ।