ਚੰਡੀਗੜ੍ਹ, 8 ਅਗਸਤ : ਚੰਡੀਗੜ੍ਹ ਪ੍ਰਸ਼ਾਸਨ ਨੂੰ ਦਿੱਤੇ ਹੁਕਮਾਂ ਵਿੱਚ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਦਿੱਲੀ ਦੌਰੇ ‘ਤੇ ਅਧਿਕਾਰੀਆਂ ਦੇ ਹਵਾਈ ਸਫ਼ਰ ਅਤੇ ਸਟਾਰ ਹੋਟਲਾਂ ਵਿੱਚ ਠਹਿਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਸਲਾਹਕਾਰ ਨੂੰ ਲਿਖੇ ਪੱਤਰ ਵਿਚ ਕਿਹਾ ਗਿਆ ਹੈ ਕਿ ਜ਼ਿੰਮੇਵਾਰ ਅਧਿਕਾਰੀ ਹੋਣ ਦੇ ਨਾਤੇ, ਇਹ ਸਾਡਾ ਨੈਤਿਕ ਫਰਜ਼ ਹੈ ਕਿ ਜਨਤਾ ਦੇ ਪੈਸੇ ਦੀ ਬਰਬਾਦੀ ਨਾ ਕੀਤੀ ਜਾਵੇ ਅਤੇ ਫਜ਼ੂਲ ਖਰਚੀ ਨੂੰ ਕਿਸੇ ਵੀ ਕੀਮਤ ‘ਤੇ ਸਵੀਕਾਰ ਨਹੀਂ ਕੀਤਾ ਜਾਣਾ ਚਾਹੀਦਾ ਹੈ। ਇਸ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਕੀਤੇ ਖਰਚੇ ਸਬੰਧੀ ਇੱਕ ਖ਼ਬਰ ਮੇਰੇ ਧਿਆਨ ਵਿੱਚ ਲਿਆਂਦੀ ਗਈ ਸੀ। ਅਧਿਕਾਰੀ ਦਿੱਲੀ ਦੇ ਪੰਜ ਤਾਰਾ ਹੋਟਲਾਂ ਵਿੱਚ ਠਹਿਰੇ ਸਨ ਅਤੇ ਵਪਾਰਕ ਉਡਾਣਾਂ ਵਿੱਚ ਬਿਜ਼ਨਸ ਕਲਾਸ ਵਿੱਚ ਸਫ਼ਰ ਕਰਦੇ ਸਨ। ਮੌਜੂਦਾ ਹਾਲਾਤਾਂ ‘ਤੇ ਗੰਭੀਰਤਾ ਨਾਲ ਵਿਚਾਰ ਕਰਨ ਤੋਂ ਬਾਅਦ, ਇਹ ਨਿਰਦੇਸ਼ ਦਿੱਤਾ ਗਿਆ ਹੈ ਕਿ ਦਿੱਲੀ ਲਈ ਕਿਸੇ ਵੀ ਹਵਾਈ ਯਾਤਰਾ ਦੀ ਆਗਿਆ ਨਹੀਂ ਹੈ। ਦਿੱਲੀ ਜਾਣ ਵਾਲੇ ਸਾਰੇ ਅਧਿਕਾਰੀ ਸ਼ਤਾਬਦੀ ਅਤੇ ਵੰਦੇ ਭਾਰਤ ਟਰੇਨਾਂ ਰਾਹੀਂ ਯਾਤਰਾ ਕਰਨਗੇ। ਇਸ ਤੋਂ ਇਲਾਵਾ, ਅਧਿਕਾਰੀ ਯੂਟੀ ਗੈਸਟ ਹਾਊਸ, ਪੰਜਾਬ ਭਵਨ ਜਾਂ ਹਰਿਆਣਾ ਭਵਨ ਵਿੱਚ ਰੁਕਣਗੇ, ਪਰ ਕਿਸੇ ਸਟਾਰ ਹੋਟਲ ਵਿੱਚ ਨਹੀਂ।