- ਕੈਡਿਟਾਂ ਨੂੰ ਅਨੁਸ਼ਾਸਿਤ ਅਤੇ ਭਾਰਤ ਦੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਕੀਤਾ ਪ੍ਰੇਰਿਤ
ਚੰਡੀਗੜ੍ਹ, 4 ਫਰਵਰੀ : ਪੰਜਾਬ ਅਤੇ ਚੰਡੀਗੜ੍ਹ ਦੇ ਐਨ.ਐਸ.ਐਸ. ਅਤੇ ਐਨ.ਸੀ.ਸੀ. ਕੈਡਿਟਾਂ, ਜਿਹਨਾਂ ਨੇ ਕਰਤਵਯ ਪੱਥ, ਨਵੀਂ ਦਿੱਲੀ ਵਿਖੇ ਕੌਮੀ ਪੱਧਰੀ ਗਣਤੰਤਰ ਦਿਵਸ ਪਰੇਡ-2023 ਵਿੱਚ ਹਿੱਸਾ ਲਿਆ ਸੀ, ਦਾ ਪੰਜਾਬ ਦੇ ਰਾਜਪਾਲ ਅਤੇ ਯੂ.ਟੀ., ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀਲਾਲ ਪੁਰੋਹਿਤ ਨੇ ਅੱਜ ਇੱਥੇ ਪੰਜਾਬ ਰਾਜ ਭਵਨ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਸਵਾਗਤ ਕੀਤਾ ਅਤੇ ਪਿੱਠ ਥਾਪੜੀ। ਰਾਜਪਾਲ ਨੇ ਆਲ ਇੰਡੀਆ ਰੈਂਕਿੰਗ ਵਿੱਚ ਤੀਜਾ ਸਥਾਨ ਹਾਸਲ ਕਰਨ ਵਾਲੇ ਇਹਨਾਂ ਕੈਡਿਟਾਂ ਦੇ ਪ੍ਰਦਰਸ਼ਨ ਦੀ ਸਰਾਹਣਾ ਕੀਤੀ। ਟੀਮ ਨੇ ਵੱਖ-ਵੱਖ ਵਰਗਾਂ ਅਤੇ ਮੁਕਾਬਲਿਆਂ ਵਿੱਚ ਚਾਰ ਸੋਨ, ਤਿੰਨ ਚਾਂਦੀ ਅਤੇ ਤਿੰਨ ਕਾਂਸੀ ਦੇ ਤਗਮੇ ਜਿੱਤਣ ਤੋਂ ਇਲਾਵਾ ਵਿਅਕਤੀਗਤ ਅਤੇ ਟੀਮ ਮੁਕਾਬਲਿਆਂ ਵਿੱਚ ਟਰਾਫੀਆਂ ਵੀ ਜਿੱਤੀਆਂ। ਨੌਜਵਾਨ ਕੈਡਿਟਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੰਦਿਆਂ ਸ੍ਰੀ ਪੁਰੋਹਿਤ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਇਸ ਉਪਲਬਧੀ ਸਦਕਾ ਆਪਣੇ ਸੂਬੇ ਅਤੇ ਸ਼ਹਿਰ ਦਾ ਮਾਣ ਵਧਾਇਆ ਹੈ। ਐਨ.ਸੀ.ਸੀ. ਕੈਡਿਟਾਂ ਅਤੇ ਐਨ.ਐਸ.ਐਸ. ਵਾਲੰਟੀਅਰਾਂ ਨੂੰ ਸੰਬੋਧਿਤ ਕਰਦਿਆਂ ਰਾਜਪਾਲ ਨੇ ਉਨ੍ਹਾਂ ਨੂੰ ਭਾਰਤ ਦੇ ਅਨੁਸ਼ਾਸਿਤ ਅਤੇ ਜ਼ਿੰਮੇਵਾਰ ਨਾਗਰਿਕ ਬਣਨ ਦੇ ਆਪਣੇ ਵਾਅਦੇ ‘ਤੇ ਕਾਇਮ ਰਹਿਣ ਅਤੇ ਨਿਰਸਵਾਰਥ ਭਾਵਨਾ ਨਾਲ ਸਮਾਜ ਦੀ ਸੇਵਾ ਕਰਨ ਲਈ ਕਿਹਾ। ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਰਾਜਪਾਲ ਨੇ ਕੈਡਿਟਾਂ ਨੂੰ ਗਾਂਧੀ ਜੀ ਦੇ “ਸਾਦਾ ਜੀਵਨ ਅਤੇ ਉੱਚੀ ਸੋਚ”ਦੇ ਵਿਚਾਰ ਨੂੰ ਅਪਣਾਉਣ ਲਈ ਕਿਹਾ। ਰਾਜਪਾਲ ਨੇ ਉਨ੍ਹਾਂ ਨੂੰ ਇਮਾਨਦਾਰੀ ਅਤੇ ਇਕਾਗਰਤਾ ਨਾਲ ਅਨੁਸ਼ਾਸਿਤ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ। ਰਾਜਪਾਲ ਨੇ ਇੱਕ ਸਫ਼ਲ ਵਿਅਕਤੀ ਦੇ ਜੀਵਨ ਵਿੱਚ ਸਮਾਂ ਪ੍ਰਬੰਧਨ ਦੀ ਮਹੱਤਤਾ ਨੂੰ ਉਜਾਗਰ ਕੀਤਾ ਅਤੇ ਵਿਦਿਆਰਥੀਆਂ ਨੂੰ ਆਪਣੇ ਟੀਚਿਆਂ 'ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ। ਕੈਡਿਟਾਂ ਨੇ ਗਵਰਨਰ ਵੱਲੋਂ ਕੀਤੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਦੁਆਰਾ ਨੋਬਲ ਪੁਰਸਕਾਰ ਜੇਤੂ ਅਰਨੈਸਟ ਹੈਮਿੰਗਵੇ ਅਤੇ ਸਾਬਕਾ ਰਾਸ਼ਟਰਪਤੀ ਏ.ਪੀ.ਜੇ. ਅਬਦੁਲ ਕਲਾਮ ਦੇ ਜੀਵਨ ਬਾਰੇ ਦੱਸੀਆਂ ਗੱਲਾਂ ਤੋਂ ਪ੍ਰੇਰਿਤ ਮਹਿਸੂਸ ਕੀਤਾ। ਇਸ ਮੌਕੇ ਹਾਜ਼ਰ ਸਾਰੇ ਕੈਡਿਟਾਂ ਨੇ ਰਾਜਪਾਲ ਨੂੰ ਰਾਸ਼ਟਰ ਦੇ ਵਿਕਾਸ ਲਈ ਸਕਾਰਾਤਮਕ ਯੋਗਦਾਨ ਪਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਜਰ ਜਨਰਲ ਕੇ.ਵੀ. ਕੁਮਾਰ, ਏਡੀਜੀ, ਐਨਸੀਸੀ ਡਾਇਰੈਕਟੋਰੇਟ ਪੀਐਚਐਚਪੀ ਐਂਡ ਸੀ, ਸ੍ਰੀਮਤੀ ਹਰਵਿੰਦਰ ਕੌਰ, ਖੇਤਰੀ ਡਾਇਰੈਕਟਰ ਐਨਐਸਐਸ, ਸ੍ਰੀਮਤੀ ਜਸਪ੍ਰੀਤ ਤਲਵਾਰ, ਸਕੱਤਰ ਉਚੇਰੀ ਸਿੱਖਿਆ, ਪੰਜਾਬ, ਸ੍ਰੀ ਅਮਰ ਪਾਲ ਸਿੰਘ ਅਤੇ ਡਾਇਰੈਕਟਰ ਉਚੇਰੀ ਸਿੱਖਿਆ ਹਾਜ਼ਰ ਸਨ।