ਸਰਕਾਰ ਸ਼ਹੀਦ ਸਿਪਾਹੀ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਐਕਸ-ਗ੍ਰੇਸ਼ੀਆ ਗ੍ਰਾਂਟ ਦੇਵੇਗੀ : ਡੀਜੀਪੀ ਯਾਦਵ

ਚੰਡੀਗੜ੍ਹ, 9 ਜਨਵਰੀ : ਜਲੰਧਰ-ਲੁਧਿਆਣਾ ਵਿਚਕਾਰ ਪੈਂਦੇ ਫਗਵਾੜਾ ਸ਼ਹਿਰ 'ਚ ਦੇਰ ਰਾਤ ਗੈਂਗਸਟਰਾਂ ਨੇ ਇਕ ਪੁਲਸ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਘਟਨਾ ਸਮੇਂ ਥਾਣਾ ਸਿਟੀ ਦੇ ਐੱਸਐੱਚਓ ਅਮਨਦੀਪ ਨਾਹਰ ਦੇ ਗੰਨਮੈਨ ਕੁਲਦੀਪ ਬਾਜਵਾ ਕਰੇਟਾ ਗੱਡੀ ਲੁੱਟਣ ਵਾਲੇ ਗੈਂਗਸਟਰਾਂ ਦਾ ਪਿੱਛਾ ਕਰ ਰਹੇ ਸਨ।ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਸਰਕਾਰ ਸ਼ਹੀਦ ਸਿਪਾਹੀ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਐਕਸ-ਗ੍ਰੇਸ਼ੀਆ ਗ੍ਰਾਂਟ ਦੇਵੇਗੀ। ਐਚਡੀਐਫਸੀ ਬੈਂਕ ਵੱਲੋਂ ਪੰਜਾਬ ਪੁਲਿਸ ਵੈਲਫੇਅਰ ਇੰਸ਼ੋਰੈਂਸ ਤੋਂ 1 ਕਰੋੜ ਰੁਪਏ ਦਾ ਹੋਰ ਭੁਗਤਾਨ ਕੀਤਾ ਜਾਵੇਗਾ।  ਡੀਜੀਪੀ ਯਾਦਵ ਨੇ ਟਵੀਟ ਕਰਦਿਆਂ ਕਿਹਾ ਕਿ ਅਸੀਂ ਆਪਣੇ ਸ਼ਹੀਦਾਂ ਦੇ ਨਾਲ ਖੜੇ ਹਾਂ।ਉਨ੍ਹਾਂ ਕਿਹਾ ਕਿ ਕੁਲਦੀਪ ਸਿੰਘ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਆਪਣੇ ਸ਼ਹੀਦਾਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਹਮੇਸ਼ਾ ਨਾਲ ਖੜੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 2 ਕਰੋੜ ਰੁਪਏ ਦੀ ਐਕਸ-ਗ੍ਰੇਸ਼ੀਆ ਦਾ ਐਲਾਨ ਕੀਤਾ ਹੈ।

  • ਸ਼ਹੀਦ ਕਾਂਸਟੇਬਲ ਕੁਲਦੀਪ ਬਾਜਵਾ ਦੇ ਦੇਹਾਂਤ ਤੇ ਮੁੱਖ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾ

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਦੇ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ, ਜਿਸ ਨੇ ਫਗਵਾੜਾ ਵਿੱਚ ਆਪਣੀ ਡਿਊਟੀ ਨਿਭਾਉਂਦਿਆਂ ਸ਼ਹਾਦਤ ਦਿੱਤੀ, ਦੀ ਦੇਸ਼ ਲਈ ਮਹਾਨ ਕੁਰਬਾਨੀ ਦੇ ਸਤਿਕਾਰ ਵਜੋਂ ਉਸ ਦੇ ਪਰਿਵਾਰ ਨੂੰ ਦੋ ਕਰੋੜ ਰੁਪਏ ਦੇਣ ਦੇ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਾਂਸਟੇਬਲ ਕੁਲਦੀਪ ਬਾਜਵਾ ਨੇ ਫਗਵਾੜਾ ਵਿੱਚ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦਿਆਂ ਸ਼ਹਾਦਤ ਦਿੱਤੀ। ਉਨ੍ਹਾਂ ਕਿਹਾ ਕਿ ਦੋ ਕਰੋੜ ਰੁਪਏ ਵਿੱਚੋਂ ਇਕ ਕਰੋੜ ਰੁਪਏ ਸੂਬਾ ਸਰਕਾਰ ਵੱਲੋਂ ਐਕਸ-ਗ੍ਰੇਸ਼ੀਆ ਵਜੋਂ ਦਿੱਤੇ ਜਾਣਗੇ, ਜਦੋਂ ਕਿ ਇਕ ਕਰੋੜ ਰੁਪਏ ਬੀਮੇ ਦੇ ਰੂਪ ਵਿੱਚ ਐਚ.ਡੀ.ਐਫ.ਸੀ. ਬੈਂਕ ਵਜੋਂ ਦਿੱਤੇ ਜਾਣਗੇ। ਭਗਵੰਤ ਮਾਨ ਨੇ ਕਿਹਾ ਕਿ ਇਹ ਰਾਸ਼ੀ ਸ਼ਹੀਦ ਵੱਲੋਂ ਸੂਬੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਦਿੱਤੀ ਕੁਰਬਾਨੀ ਦੇ ਸਤਿਕਾਰ ਵਜੋਂ ਦਿੱਤੀ ਜਾਵੇਗੀ। ਇਸ ਦੌਰਾਨ ਮੁੱਖ ਮੰਤਰੀ ਨੇ ਦੁਹਰਾਇਆ ਕਿ ਮਾਤ-ਭੂਮੀ ਦੀ ਰੱਖਿਆ ਲਈ ਆਪਣਾ ਜੀਵਨ ਕੁਰਬਾਨ ਕਰਨ ਵਾਲੇ ਸੈਨਿਕਾਂ ਦੇ ਪਰਿਵਾਰਾਂ ਦੀ ਮਦਦ ਕਰਨਾ ਸੂਬਾ ਸਰਕਾਰ ਦਾ ਫ਼ਰਜ਼ ਬਣਦਾ ਹੈ।