- ਗੈਰ ਬਾਸਮਤੀ ਚੌਲਾਂ ਦੀ ਬਰਾਮਦ ’ਤੇ ਲਗਾਈ ਪਾਬੰਦੀ ਵੀ ਵਾਪਸ ਲੈਣ ਦੀ ਵੀ ਕੀਤੀ ਅਪੀਲ
ਚੰਡੀਗੜ੍ਹ, 18 ਅਗਸਤ 2024 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੇ ਨਾਲ-ਨਾਲ ਬਰਾਮਦਕਾਰਾਂ ਵਾਸਤੇ ਬਾਸਮਤੀ ਚੌਲਾਂ ਦੀ ਘੱਟੋ ਘੱਟ ਬਰਾਮਦ ਕੀਮਤ (ਐਮ ਈ ਪੀ) 950 ਡਾਲਰ ਪ੍ਰਤੀ ਟਨ ਤੋਂ ਘਟਾ ਕੇ 750 ਡਾਲਰ ਪ੍ਰਤੀ ਟਨ ਕਰੇ ਤਾਂ ਜੋ ਕਿਸਾਨਾਂ ਨੂੰ ਵੀ ਵਾਜਬ ਭਾਅ ਮਿਲ ਸਕੇ ਅਤੇ ਕੌਮਾਂਤਰੀ ਮੰਡੀ ਵਿਚ ਚੰਗੀ ਕਿਸਮ ਲਈ ਮੁਕਾਬਲਾ ਵੀ ਹੋ ਸਕੇ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਭਾਵੇਂ ਇਸ ਸਾਲ ਕਿਸਾਨਾਂ ਨੂੰ ਬਾਸਮਤੀ ਦਾ ਚੰਗਾ ਝਾੜ ਹੋਣ ਦੀ ਆਸ ਹੈ ਪਰ ਇਸਦਾ ਲਾਭ ਉਦੋਂ ਤੱਕ ਕਿਸਾਨਾਂ ਨੂੰ ਨਹੀਂ ਮਿਲੇਗਾ ਜਦੋਂ ਤੱਕ ਸਰਕਾਰ ਐਮ ਈ ਪੀ ਦੀ ਸਮੀਖਿਆ ਨਹੀਂ ਕਰਦੀ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਇਰਾਦੇ ਦੀ ਪੂਰਤੀ ਵਾਸਤੇ ਅਜਿਹਾ ਕਰਨਾ ਲਾਜ਼ਮੀ ਵੀ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਰਾਮਦਕਾਰ ਕਿਸਾਨਾਂ ਤੋਂ ਇਯ ਸਾਲ ਬਾਸਮਤੀ ਖਰੀਦਣ ਦੇ ਹਾਲਾਤ ਵਿਚ ਨਹੀਂ ਹਨ ਕਿਉਂਕਿ ਪਿਛਲੇ ਦੋ ਸਾਲਾਂ ਤੋਂ ਪਾਬੰਦੀਸ਼ੁਦਾ ਬਰਾਮਦ ਨੀਤੀਆਂ ਦੇ ਕਾਰਣ ਉਹਨਾਂ ਦੇ ਗੋਦਾਮ ਭਰੇ ਹੋਏ ਹਨ। ਉਹਨਾਂ ਕਿਹਾ ਕਿ ਉਦਯੋਗਪਤੀ ਵੀ ਮੌਜੂਦਾ ਐਮ ਈ ਪੀ ’ਤੇ ਬਰਾਮਦ ਕਰਨ ਦੇ ਸਮਰਥ ਨਹੀਂ ਕਿਉਂਕਿ ਪਾਕਿਸਤਾਨ 750 ਡਾਲਰ ਪ੍ਰਤੀ ਟਨ ਦੀ ਦਰ ’ਤੇ ਬਰਾਮਦ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਸ ਨਾਲ ਕੌਮਾਂਤਰੀ ਬਾਸਮਤੀ ਮੰਡੀ ਪ੍ਰਭਾਵਤ ਹੋ ਰਹੀ ਹੈ ਅਤੇ ਅਨਿਸ਼ਚਿਤਤਾ ਦਾ ਮਾਹੌਲ ਬਣ ਰਿਹਾ ਹੈ। ਉਹਨਾਂ ਕਿਹਾ ਕਿ ਬਾਸਮਤੀ ’ਤੇ ਐਮ ਈ ਪੀ ਦੀ ਸਮੀਖਿਆ ਨਾਲ ਬਰਾਮਦਾਂ ਨੂੰ ਹੁਲਾਰਾ ਮਿਲੇਗਾ ਅਤੇ ਇਸ ਨਾਲ ਦੇਸ਼ ਵਿਚ ਕੀਮਤਾਂ ਵਿਚ ਵੀ ਵਾਧਾ ਹੋਵੇਗਾ ਜਿਸਦਾ ਲਾਭ ਪੰਜਾਬ ਅਤੇ ਹਰਿਆਣਾ ਸਮੇਤ ਉੱਤਰੀ ਖਿੱਤੇ ਦੇ ਕਿਸਾਨਾਂ ਨੂੰ ਮਿਲੇਗਾ। ਬਾਦਲ ਨੇ ਨਾਲ ਹੀ ਗੈਰ ਬਾਸਮਤੀ ਚੌਲਾਂ ਅਤੇ ਅੰਸ਼ਕ ਉਬਲੇ ਚੌਲਾਂ ਦੀ ਬਰਾਮਦ ’ਤੇ ਲਗਾਈ 20 ਫੀਸਦੀ ਡਿਊਟੀ ’ਤੇ ਲੱਗੀ ਪਾਬੰਦੀ ਖਤਮ ਕਰਨ ਦੀ ਅਪੀਲ ਵੀ ਕੀਤੀ। ਉਹਨਾਂ ਕਿਹਾ ਕਿ ਦੇਸ਼ ਬੇਸ਼ਕੀਮਤੀ ਵਿਦੇਸ਼ ਮੁਦਰਾ ਗੁਆ ਰਿਹਾ ਹੈ ਤੇ ਕੀਮਤਾਂ ਵਿਚ ਖੜੋਤ ਆਉਣ ਕਾਰਣ ਕਿਸਾਨ ਵੀ ਆਰਥਿਕ ਮੰਦਹਾਲੀ ਵਿਚ ਹਨ। ਉਹਨਾਂ ਕਿਹਾ ਕਿ ਸਾਨੂੰ ਬਾਸਮਤੀ ਤੇ ਗੈਰ ਬਾਸਮਤੀ ਚੌਲ ਦੋਵਾਂ ਕਿਸਮਾਂ ਦੀ ਬਰਾਮਦ ਦੀ ਆਗਿਆ ਦੇਣੀ ਚਾਹੀਦੀ ਹੈ ਤੇ ਕਿਸਾਨਾਂ ਦੀ ਭਲਾਈ ਵਾਸਤੇ ਮੌਜੂਦਾ ਪਾਬੰਦੀਆਂ ਖਤਮ ਕਰਨੀਆਂ ਚਾਹੀਦੀਆਂ ਹਨ।