ਚੰਡੀਗੜ੍ਹ 21 ਫ਼ਰਵਰੀ : ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਭਗਵੰਤ ਮਾਨ ਸਰਕਾਰ ਵਲੋਂ ਡਾ. ਸਤਬੀਰ ਬੇਦੀ ਵਾਸੀ ਸਿਵਲ ਲਾਇਨ ਦਿੱਲੀ ਨੂੰ ਪੰਜਾਬ ਸਿੱਖਿਆ ਬੋਰਡ ਦਾ ਚੇਅਰਮੈਨ ਲਗਾਏ ਜਾਣ ਦੀ ਘੋਰ ਨਿੰਦਾ ਕਰਦੇ ਹੋਏ ਕਿਹਾ ਕਿ ਪੰਜਾਬ ‘ਤੇ ਸਿਰਫ਼ ਪੰਜਾਬੀਆ ਦਾ ਹੱਕ ਹੈ, ਗੈਰ ਪੰਜਾਬੀਆਂ ਜਾਂ ਪੰਜਾਬੀ ਭਾਸ਼ਾ ਦਾ ਗਿਆਨ ਨਾ ਹੋਣ ਵਾਲਿਆਂ ਨੂੰ ਪੰਜਾਬ ਵਿੱਚ ਅਹੁਦੇਦਾਰੀਆਂ ਅਤੇ ਚੇਅਰਮੈਨੀਆਂ ਦੇਣਾ ਕਰੋੜਾਂ ਪੰਜਾਬੀਆ ਨਾਲ ਸਰੇਆਮ ਧੋਖਾ ਹੈ। ਗੁਪਤਾ ਨੇ ਕਿਹਾ ਕਿ ਡਾ. ਸਤਬੀਰ ਨੂੰ ਪੰਜਾਬੀ ਪੜਨੀ ਲਿਖਣੀ ਨਹੀਂ ਆਉਂਦੀ, ਜਿਸਦੀ ਪੰਜਾਬ ਭਾਜਪਾ ਘੋਰ ਨਿੰਦਾ ਕਰਦੀ ਹੈ। ਜੀਵਨ ਗੁਪਤਾ ਨੇ ਜਾਰੀ ਆਪਣੇ ਪ੍ਰੇਸ ਨੋਟ ਰਾਹੀਂ ਕਿਹਾ ਕਿ ਪੰਜਾਬ ਦੇ ਬੱਚਿਆਂ, ਵਿਦਿਆਰਥੀਆਂ ਵਿੱਚ ਜਿਸ ਅਦਾਰੇ ‘ਪੰਜਾਬ ਸਕੂਲ ਸਿੱਖਿਆ ਬੋਰਡ’ ਨੇ ਪੰਜਾਬੀ ਦੀ ਬੁਨਿਆਦਾ ਪੱਕੀ ਕਰਨੀ ਹੈ, ਅੱਜ ਪੰਜਾਬ ਸਰਕਾਰ ਨੇ ਉਸਦੀ ਕਮਾਨ ਉਸਨੂੰ ਸੌਂਪ ਦਿੱਤੀ ਹੈ, ਜਿਸਨੂੰ ਪੰਜਾਬੀ ਨਾ ਤਾਂ ਪੜ੍ਹਨੀ ਆਉਂਦੀ ਹੈ ਅਤੇ ਨਾ ਹੀ ਲਿਖਣੀ ਆਉਂਦੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਹਰ ਵਿਅਕਤੀ, ਵਿਦਿਆਰਥੀ ਦਾ ਕੰਮ ਪੰਜਾਬੀ ਵਿੱਚ ਹੁੰਦਾ ਹੈ, ਕਿ ਅਜਿਹਾ ਆਦਮੀ ਪੰਜਾਬੀਆਂ ਨਾਲ ਇਨਸਾਫ ਕਰ ਸਕੇਗਾ, ਜਿਸ ਨੂੰ ਪੰਜਾਬੀ ਪੜ੍ਹਨੀ – ਲਿਖਣੀ ਨਾ ਆਉਂਦੀ ਹੋਵੇ? ਸਿਰਫ ਦਿੱਲੀ ਦੇ ਚੇਹਤਿਆਂ ਨੂੰ ਖੁਸ਼ ਕਰਨ ਲਈ ਦਿੱਲੀ ‘ਤੋਂ ਲਿਆ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਚੇਅਰਮੈਨ ਲਗਾਇਆ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਦਿੱਲੀ ਤੋਂ ਕੰਟਰੋਲ ਕੀਤਾ ਜਾ ਰਿਹਾ ਹੈ, ਭਗਵੰਤ ਮਾਨ ਸਿਰਫ ਨਾਮ ਦੇ ਹੀ ਮੁੱਖ ਮੰਤਰੀ ਹਨ। ਉਹਨਾਂ ਕਿਹਾ ਕਿ ਇਹ ਵੀ ਜਾਣਕਾਰੀ ਮਿਲੀ ਹੈ ਕਿ ਉਹ ਆਪਣਾ ਕੁਝ ਸਹਾਇਕ ਸਟਾਫ਼ ਵੀ ਦਿੱਲੀ ਤੋਂ ਹੀ ਨਾਲ ਲੈ ਕੇ ਆਏ ਹਨ, ਇਹ ਹੋਰ ਵੀ ਅਤਿ ਨਿੰਦਨਯੋਗ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ਪੰਜਾਬ ਸਰਕਾਰ ਨਾਲ ਮਿਲ ਕੇ ਪੰਜਾਬੀਆ ਦੇ ਹੱਕਾਂ ਤੇ ਡਾਕਾ ਮਾਰ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਫੈਸਲੇ ਸਿਰਫ ਪੰਜਾਬੀ ਕਰਨ ਨਾ ਕਿ ਦਿੱਲੀ ਵਾਲੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਪੰਜਾਬੀ ਭਾਸ਼ਾ ਪ੍ਰਤੀ ਪਿਆਰ ਸਿਰਫ਼ ਦਿਖਾਵਾ ਸੀ,ਸਰਕਾਰ ਦਾ ਪੰਜਾਬੀ ਪ੍ਰਤੀ ਰਵੱਈਆ ਜੱਗ ਜ਼ਾਹਰ ਹੋ ਗਿਆ ਹੈ। ਜੀਵਨ ਗੁਪਤਾ ਨੇ ਕਿਹਾ ਕਿ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਪੰਜਾਬੀਆ ਦੀ ਕਾਬਲੀਅਤ ਤੇ ਵਿਸ਼ਵਾਸ ਨਹੀਂ ਹੈ। ਉਹਨਾ ਮੰਗ ਕੀਤੀ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਚੇਅਰਮੈਨ ਕਿਸੇ ਪੰਜਾਬੀ ਨੂੰ ਹੀ ਲਗਾਇਆ ਜਾਵੇ। ਉਹਨਾਂ ਕਿਹਾ ਕਿ ਮਾਂ ਬੋਲੀ ਪੰਜਾਬੀ ਲਈ ‘ਆਪ’ ਸਰਕਾਰ ਦੀ ਦੋਗਲੀ ਨੀਤੀ ਸਭ ਦੇ ਸਾਹਮਣੇ ਆ ਚੁੱਕੀ ਹੈ।