ਚੰਡੀਗੜ੍ਹ, 26 ਅਕਤੂਬਰ : ਸਰਕਾਰ ਵੱਲੋਂ ਭਰੋਸਾ ਦੇਣ ਮਗਰੋਂ ਖੁਦਕੁਸ਼ੀ ਕਰਨ ਵਾਲੀ ਅਸਿਸਟੈਂਟ ਪ੍ਰੋਫੈਸਰ ਬਲਵਿੰਦਰ ਕੌਰ ਦਾ ਪਰਿਵਾਰ ਵੱਲੋਂ ਸਸਕਾਰ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਮ੍ਰਿਤਕ ਅਸਿਸਟੈਂਟ ਪ੍ਰੋਫੈਸਰ ਬਲਵਿੰਦਰ ਕੌਰ ਦੀ ਧੀ ਨੂੰ ਸਰਕਾਰੀ ਨੌਕਰੀ ਦੇਣ ਦਾ ਭਰੋਸਾ ਦਿੱਤਾ ਹੈ। ਇਸ ਤੋਂ ਪਹਿਲਾਂ ਪਰਿਵਾਰ ਨੇ ਇਨਸਾਫ ਮਿਲਣ ਤੱਕ ਅਸਿਸਟੈਂਟ ਪ੍ਰੋਫੈਸਰ ਬਲਵਿੰਦਰ ਕੌਰ ਦੀ ਲਾਸ਼ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਜਦੋਂ ਪਰਿਵਾਰ ਨੇ ਮ੍ਰਿਤਕ ਪ੍ਰੋਫੈਸਰ ਦਾ ਸਸਕਾਰ ਕਰਨ ਤੋਂ ਨਾਂਹ ਕੀਤੀ ਤਾਂ ਪ੍ਰਸਾਸ਼ਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਸੀ। ਜਿਸ ਤੋਂ ਬਾਅਦ ਅੱਜ ਅਧਿਕਾਰੀਆਂ ਨੇ ਪਰਿਵਾਰ ਨਾਲ ਮੀਟਿੰਗ ਕਰਕੇ ਮ੍ਰਿਤਕ ਪ੍ਰੋਫੈਸਰ ਦੀ ਧੀ ਨੂੰ ਸਰਕਾਰੀ ਨੌਕਰੀ ਦੇਣ ਦਾ ਭਰੋਸਾ ਦਿੱਤਾ। ਇਸ ਮਗਰੋਂ ਪਰਿਵਾਰ ਸਸਕਾਰ ਲਈ ਸਹਿਮਤ ਹੋਇਆ। ਜ਼ਿਕਰਯੋਗ ਹੈ ਕਿ 20 ਅਕਤੂਬਰ ਨੂੰ ਪ੍ਰੋ. ਬਲਜਿੰਦਰ ਕੌਰ ਨੇ ਸਰਹਿੰਦ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਬਲਵਿੰਦਰ ਕੌਰ ਨੇ ਖੁਦਕੁਸ਼ੀ ਨੋਟ ਵਿਚ ਆਪਣੀ ਮੌਤ ਦਾ ਜ਼ਿੰਮੇਵਾਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਠਹਿਰਾਇਆ ਸੀ। ਬਲਵਿੰਦਰ ਕੌਰ ਦੀ ਲਾਸ਼ 23 ਅਕਤੂਬਰ ਨੂੰ ਨਹਿਰ ’ਚੋਂ ਬਰਾਮਦ ਕੀਤੀ ਗਈ ਸੀ। ਦੂਜੇ ਪਾਸੇ 1158 ਸਹਾਇਕ ਪ੍ਰੋਫੈਸਰ ਜਥੇਬੰਦੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਪ੍ਰਸ਼ਾਸਨ ’ਤੇ ਇਲਜ਼ਾਮ ਲਗਾਏ ਗਏ ਹਨ। ਜਥੇਬੰਦੀ ਦੇ ਆਗੂਆਂ ਦਾ ਕਹਿਣਾ ਹੈ ਕਿ ਪਰਿਵਾਰ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ।