- ਡਾ. ਸ਼ਰੂਤੀ ਸ਼ੁਕਲਾ ਐਜੂਸੈਟ ‘ਤੇ ਲਾਈਵ ਲੈਕਚਰ ਦੇਣਗੇ
ਚੰਡੀਗੜ੍ਹ, 6 ਅਗਸਤ : ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਅਤੇ ਕਰੀਅਰ ਕਾਉਂਸਲਿੰਗ ਦੇ ਵਿਸ਼ਿਆਂ ‘ਤੇ ਜਾਣਕਾਰੀ ਦੇਣ ਲਈ ਵਿਸ਼ੇਸ਼ ਲੈਕਚਰ ਕਰਵਾਏ ਜਾਣਗੇ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਕੂਲ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਵਿਭਾਗ ਵੱਲੋਂ ਪੰਜਾਬ ਦੇ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਐਜੂਸੈਟ ‘ਤੇ 35 ਮਿੰਟ ਦਾ ਲਾਈਵ ਲੈਕਚਰ 7 ਅਗਸਤ, 2023 ਨੂੰ ਸਵੇਰੇ 10.20 ਵਜੇ ਪ੍ਰਸਾਰਿਤ ਕੀਤਾ ਜਾਵੇਗਾ। ਡਾਇਰੈਕਟਰ ਜਨਰਲ ਸਕੂਲ ਸਿੱਖਿਆ, ਸ੍ਰੀ ਵਿਨੈ ਬੁਬਲਾਨੀ ਨੇ ਦੱਸਿਆ ਕਿ ਸੂਬੇ ਦੇ ਸਾਰੇ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ ਬਾਰੇ ਜਾਣਕਾਰੀ ਦੇਣ ਲਈ, ਐਜੂਸੈਟ ਜ਼ਰੀਏ ਲਾਈਵ ਪ੍ਰੇਰਣਾਤਮਕ ਲੈਕਚਰ ਟੈਲੀਕਾਸਟ ਕੀਤੇ ਜਾਣਗੇ। ਇਹਨਾਂ ਲੈਕਚਰਾਂ ਦਾ ਉਦੇਸ਼ ਕਰੀਅਰ ਸਬੰਧੀ ਸਿੱਖਿਆ ਪ੍ਰਦਾਨ ਕਰਨਾ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨਾ ਹੈ। ਖੇਡ ਵਿਭਾਗ ਦੇ ਸਹਿਯੋਗ ਨਾਲ, ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ਦੇ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ 7 ਅਗਸਤ, 2023 ਨੂੰ “ਖੇਡਾਂ ਦੀ ਮਹੱਤਤਾ ਅਤੇ ਨੌਕਰੀਆਂ ਦੇ ਮੌਕੇ” ਵਿਸ਼ੇ ‘ਤੇ ਲਾਈਵ ਲੈਕਚਰ ਪ੍ਰਸਾਰਿਤ ਕੀਤਾ ਜਾਵੇਗਾ। ਇਹਨਾਂ ਲੈਕਚਰਾਂ ਨੂੰ ਰਿਕਾਰਡ ਵੀ ਕੀਤਾ ਜਾਵੇਗਾ ਜ਼ੋ ਕਿ ਬਾਅਦ ਵਿੱਚ ਅਪਲੋਡ ਵੀ ਕੀਤਾ ਜਾਵੇਗਾ, ਤਾਂ ਜੋ ਵਿਦਿਆਰਥੀ ਕਿਸੇ ਵੀ ਸਮੇਂ ਇਹ ਲੈਕਚਰ ਦੁਬਾਰਾ ਦੇਖ ਸਕਣ। ਸਿੱਖਿਆ ਵਿਭਾਗ ਦੇ ਡਾ. ਸ਼ਰੂਤੀ ਸ਼ੁਕਲਾ (ਪੀਈਐਸ ਕਾਡਰ ਅਕਾਦਮੀਸ਼ੀਅਨ) ਅਤੇ ਸ੍ਰੀ ਮਨਦੀਪ (ਜਿਮਨਾਸਟਿਕ ਕੋਚ) ਇਸ ਪ੍ਰੋਗਰਾਮ ਨੂੰ ਲਾਈਵ ਪ੍ਰਸਾਰਿਤ ਕਰਨਗੇ ਅਤੇ ਉਹ ਵਿਦਿਆਰਥੀਆਂ ਨੂੰ ਖੇਡਾਂ ਨਾਲ ਸਬੰਧਤ ਸਾਰੀਆਂ ਨੀਤੀਆਂ, ਸਹੂਲਤਾਂ ਅਤੇ ਨੌਕਰੀ ਹਾਸਲ ਕਰਨ ਸਬੰਧੀ ਵੀ ਲੋੜੀਂਦੀ ਸਿੱਖਿਆ ਦਿੱਤੀ ਜਾਵੇਗੀ।