- ਮੰਤਰੀ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ: ਐਡਵੋਕੇਟ ਅਰਸ਼ਦੀਪ ਸਿੰਘ ਕਲੇਰ
ਚੰਡੀਗੜ੍ਹ, 25 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਪੁਲਿਸ ਦੇ ਮੁਖੀ ਸ੍ਰੀ ਗੌਰਵ ਯਾਦਵ ਨੂੰ ਪੁੱਛਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹਨਾਂ ਦੀ ਫੋਰਸ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਦਾ ਬਚਾਅ ਕਿਉਂ ਕਰ ਰਹੀ ਹੈ ਤੇ ਉਹਨਾਂ ਨੂੰ 1158 ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਫਰੰਟ ਦੀ ਟੀਚਰ ਡਾ. ਬਲਵਿੰਦਰ ਕੌਰ ਵੱਲੋਂ ਕੀਤੀ ਖੁਦਕੁਸ਼ੀ ਦੇ ਮਾਮਲੇ ਵਿਚ ਮੁੱਖ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਉਹਨਾਂ ਖਿਲਾਫ ਕੇਸ ਦਰਜ ਕਰ ਕੇ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕਰ ਰਹੀ। ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਲੀਗਲ ਵਿੰਗ ਦੇ ਪ੍ਰਧਾਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਡੀ ਜੀ ਪੀ ਨੂੰ ਇਹ ਵੀ ਆਖਿਆ ਕਿ ਉਹ ਇਹ ਵੀ ਦੱਸਣ ਕਿ ਪੰਜਾਬ ਪੁਲਿਸ ਨੇ ਪਹਿਲਾਂ ਡਾ. ਬਲਵਿੰਦਰ ਕੌਰ ਵੱਲੋਂ ਲਿਖੇ ਖੁਦਕੁਸ਼ੀ ਨੋਟ ਨੂੰ ਛੁਪਾਉਣ ਦੀ ਕੋਸ਼ਿਸ਼ ਕਿਉਂ ਕੀਤੀ। ਉਹਨਾਂ ਕਿਹਾ ਕਿ ਪੁਲਿਸ ਇਹ ਵੀ ਦੱਸੇ ਕਿ ਉਸਨੇ ਪੀੜਤਾ ਦੇ ਪਤੀ ਤੇ ਸਹੁਰੇ ਖਿਲਾਫ ਕੇਸ ਕਿਉਂ ਦਰਜ ਕੀਤਾ ਜਦੋਂ ਕਿ ਅਧਿਆਪਕ ਨੇ ਸਪਸ਼ਟ ਕੀਤਾ ਸੀ ਕਿ ਉਹ ਮਾਮਲੇ ਵਿਚ ਕਿਸੇ ਵੀ ਤਰੀਕੇ ਗਲਤ ਢੰਗ ਨਾਲ ਸ਼ਾਮਲ ਨਹੀਂ ਹਨ ਤੇ ਉਸਦੀ ਮੌਤ ਲਈ ਸਿਰਫ ਹਰਜੋਤ ਬੈਂਸ ਹੀ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਰੋਪੜ ਪੁਲਿਸ ਨੇ ਮੰਤਰੀ ਦੇ ਦਬਾਅ ਹੇਠ ਪ੍ਰੋਫੈਸ਼ਨਲ ਢੰਗ ਨਾਲ ਕੰਮ ਨਹੀਂ ਕੀਤਾ। ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਜੋ ਵੀ ਕਾਨੂੰਨ ਮੁਤਾਬਕ ਆਪਣਾ ਫਰਜ਼ ਨਿਭਾਉਣ ਵਿਚ ਫੇਲ੍ਹ ਹੋਏ ਹਨ, ਉਹਨਾਂ ਖਿਲਾਫ ਵੀ ਜਾਂਚ ਹੋਣੀ ਚਾਹੀਦੀ ਹੈ। ਐਡਵੋਕੇਟ ਕਲੇਰ ਨੇ ਕਿਹਾ ਕਿ ਰੋਪੜ ਪੁਲਿਸ ਨੇ ਪੀੜਤ ਦੇ ਪਰਿਵਾਰ ਖਿਲਾਫ ਕੇਸ ਉਦੋਂ ਦਰਜ ਕੀਤਾ ਜਦੋਂ ਉਸਦਾ ਖੁਦਕੁਸ਼ੀ ਨੋਟ ਬਰਾਮਦ ਹੋਇਆ। ਉਹਨਾਂ ਕਿਹਾ ਕਿ ਪੀੜਤ ਦੀ ਲਾਸ਼ 23 ਅਕਤੂਬਰ ਨੂੰ ਬਰਾਮਦ ਹੋਈ ਸੀ ਤੇ ਉਦੋਂ ਤੱਕ ਸਿਰਫ ਲਾਪਤਾ ਮਾਮਲੇ ਦੀ ਰਿਪੋਰਟ ਹੀ ਦਰਜ ਕੀਤੀ ਜਾ ਸਕਦੀ ਸੀ। ਉਹਨਾਂ ਕਿਹਾ ਕਿ ਜਦੋਂ 23 ਅਕਤੂਬਰ ਨੂੰ ਮ੍ਰਿਤਕ ਦੇਹ ਬਰਾਮਦ ਹੋਈ ਤਾਂ ਪੁਲਿਸ ਦਾ ਫਰਜ਼ ਬਣਦਾ ਸੀ ਕਿ ਸਿੱਖਿਆ ਮੰਤਰੀ ਖਿਲਾਫ ਕੇਸ ਦਰਜ ਕੀਤਾ ਜਾਵੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਪੁਲਿਸ ਹੁਣ ਤੱਕ ਕਾਨੂੰਨ ਮੁਤਾਬਕ ਕਾਰਵਾਈ ਦਾ ਲਿਖਤੀ ਦਾ ਭਰੋਸਾ ਦੁਆਉਣ ਦੇ ਬਾਵਜੂਦ ਮਾਮਲੇ ਵਿਚ ਕਾਰਵਾਈ ਕਰਨ ਵਿਚ ਨਾਕਾਮ ਰਹੀ ਹੈ। ਅਕਾਲੀ ਦਲ ਦੇ ਆਗੂ ਨੇ ਡਾ. ਬਲਵਿੰਦਰ ਕੌਰ ਲਈ ਨਿਆਂ ਦੀ ਮੰਗ ਕੀਤੀ ਤੇ ਕਿਹਾ ਕਿ ਪੀੜਤ ਪਰਿਵਾਰ ਨੂੰ ਅਧਿਆਪਕ ਦੇ ਸਹੁਰਿਆਂ ਖਿਲਾਫ ਆਪਣਾ ਬਿਆਨ ਤੁਰੰਤ ਵਾਪਸ ਲੈਣਾ ਚਾਹੀਦਾ ਹੈ ਤੇ ਪੁਲਿਸ ਨੂੰ ਤੁਰੰਤ ਬੈਂਸ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਰੋਪੜ ਪੁਲਿਸ ਮਾਮਲੇ ਵਿਚ ਕਾਰਵਾਈ ਕਰਨ ਵਿਚ ਨਾਕਾਮ ਰਹੀ ਹੈ ਤੇ ਅਕਾਲੀ ਦਲ ਆਪਣੇ ਸੰਘਰਸ਼ ਨੂੰ ਹੋਰ ਵਧਾ ਕੇ ਡਾ. ਬਲਵਿੰਦਰ ਕੌਰ ਲਈ ਨਿਆਂ ਮਿਲਣਾ ਯਕੀਨੀ ਬਣਾਵੇਗਾ।